ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਨਾਲ ਸਬੰਧਤ ਯੂਥ ਕਾਂਗਰਸ ਵਰਕਰਾਂ ਦੀ ਇਕ ਮੀਟਿੰਗ ਜਿਲ੍ਹਾ ਯੂਥ ਉਪ ਪ੍ਰਧਾਨ ਹਰਜੀ ਮਾਨ ਦੀ ਅਗਵਾਈ ਹੇਠ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਕਾਂਗਰਸ ਪਾਰਟੀ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਬਲਾਕ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦੀ ਤਿਆਰੀ ਅਤੇ ਯੂਥ ਕਾਂਗਰਸ ਵਰਕਰਾਂ ਦੀ ਭੂਮਿਕਾ ਤੈਅ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਹਰਜੀ ਮਾਨ ਨੇ ਸਮੂਹ ਯੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਘਰੋਂ ਘਰੀਂ ਪਹੁੰਚਾਇਆ ਜਾਵੇ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪਿਛਲੇ ਪੰਜ ਸਾਲ ਦੀਆਂ ਪ੍ਰਾਪਤੀਆਂ ਨਾਲ ਵੀ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ। ਵਿਰੋਧੀ  ਧਿਰਾਂ ਵਲੋਂ ਕੈਪਟਨ ਸਰਕਾਰ ਦੇ ਖਿਲਾਫ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਪੋਲ ਵੀ ਜਨਤਾ ਸਾਹਮਣੇ ਖੋਲੀ ਜਾਵੇ। ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਪਹਿਲਾਂ ਬੁਢਾਪਾ ਪੈਨਸ਼ਨ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਬੇਸਹਾਰਾ, ਵਿਧਵਾ ਅਤੇ ਅੰਗਹੀਣਾਂ ਦੀ ਪੈਨਸ਼ਨ ਵੀ ਪੰਦਰਾਂ ਸੌ ਰੁਪਏ ਕਰ ਦਿੱਤੀ ਗਈ ਹੈ ਜੋ ਅਗਸਤ ਮਹੀਨੇ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਸਰਕਾਰ ਦੀਆਂ ਅਜਿਹੀਆਂ ਪ੍ਰਾਪਤੀਆਂ ਦਾ ਲੋਕਾਂ ਨੂੰ ਦੱਸਿਆ ਜਾਣਾ ਜਰੂਰੀ ਹੈ। ਇਸ ਮੌਕੇ ਯੂਥ ਆਗੂ ਸਾਬੀ ਗਿਰਨ, ਮਨਜੋਤ ਸਿੰਘ ਭਗਤਪੁਰਾ, ਸਾਬੀ ਫਗਵਾੜਾ, ਜੱਸਾ ਘੁੰਮਣ, ਸਾਬੀ ਅਠੌਲੀ, ਮਨੀ ਖਲਵਾੜਾ, ਨੀਰਜ ਕੌੜਾ, ਸ਼ੀਲੂ ਗਿੱਲ, ਗੋਰੀ ਗਿੱਲ ਆਦਿ ਹਾਜਰ ਸਨ।