ਜਲੰਧਰ : ਖੇਤਰੀ ਟਰਾਂਸਪੋਰਟ ਅਥਾਰਟੀ ਦੀ ਸਕੱਤਰ ਡਾ.ਨਯਨ ਜੱਸਲ ਨੇ ਸਾਰੇ ਪ੍ਰਦੂਸ਼ਣ ਕੰਟਰੋਲ ਸੈਂਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਿਸਟਮ ਨੂੰ ਅਪਗ੍ਰੇਡ ਕਰਨ ਕਿਉਂ ਜੋ ਪਹਿਲੀ ਅਪ੍ਰੈਲ 2020 ਤੋਂ ਬਾਅਦ ਦਸਤੀ ਤੌਰ ’ਤੇ ਜਾਰੀ ਕੀਤੇ ਗਏ ਪ੍ਰਦੂਸ਼ਣ ਜਾਂਚ ਸਰਟੀਫਿਕੇਟ ਕਾਨੂੰਨੀ ਤੌਰ ’ਤੇ ਯੋਗ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਸੂਬੇ ਭਰ ਵਿੱਚ ਵਾਹਨ 4.0 ਸਾਫ਼ਟਵੇਅਰ ਰਾਹੀਂ ਸਾਰੇ ਪ੍ਰਦੂਸ਼ਣ ਚੈਕ ਕੇਂਦਰ ਜੋੜੇ ਜਿਸ ਲਈ ਸਾਰੇ ਪ੍ਰਦੂਸ਼ਣ ਜਾਂਚ ਕੇਂਦਰ 31 ਮਾਰਚ ਤੱਕ ਆਪਣੇ ਇਸ ਸਾਫ਼ਟਵੇਅਰ ਨਾਲ ਜੋੜੇ ਜਾਣਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ 31 ਮਾਰਚ 2020 ਤੋਂ ਬਾਅਦ ਦਸਤੀ ਤੌਰ ’ਤੇ ਜਾਰੀ ਕੀਤੇ ਪ੍ਰਦੂਸ਼ਣ ਜਾਂਚ ਸਰਟੀਫਿਕੇਟ ਗੈਰ ਕਾਨੂੰਨੀ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਇਸ ਨਵੀਂ ਵਿਵਸਥਾ ਨਾਲ ਜੁੜੇ ਜਾਂਚ ਕੇਂਦਰਾਂ ਤੋਂ ਹੀ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਟਰਾਂਸਪੋਰਟ ਅਥਾਰਟੀ ਵਲੋਂ ਲੋਕਾਂ ਨੂੰ ਨਵੀਂ ਵਿਵਸਥਾ ਬਾਰੇ ਜਾਣੂੰ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵੀ ਜਲਦ ਹੀ ਵਿੱਢੀ ਜਾ ਰਹੀ ਹੈ।