ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਬਰਗਾੜੀ ਬੇਅਦਬੀ ਮਾਮਲੇ ,ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਕੇਸਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸਵਾਲ

ਪਿਛਲੇ ਦਿਨੀਂ ਬਰਗਾੜੀ ਬੇਅਦਬੀ ਘਟਨਾ ਦੇ ਦੋਸ਼ੀ ਮਹਿੰਦਰ ਪਾਲ ਬਿੱਟੂ ਦੇ ਨਾਭਾ ਜੇਲ੍ਹ ਚ ਹੋਏ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੰਗੀ ਜਾ ਰਹੀ ਜਾਂਚ ਤੋਂ ਬਾਅਦ ਅਸੀਂ 30 ਸਿੱਖ ਜਥੇਬੰਦੀਆ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੋਂ ਪੰਜਾਬ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇਹ ਵੀ ਸਾਹਮਣੇ ਆ ਗਿਆ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਬਿਲਕੁਲ ਠੱਪ ਪਈ ਹੈ | ਅਸੀਂ ਪੰਜਾਬ ਦੇ ਮੁਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋ ਬਰਗਾੜੀ ਬੇਅਦਬੀ ਮਾਮਲੇ ਵਿੱਚ ਬਿੱਟੂ ਤੇ ਹੋਰ ਦੋਸ਼ੀ ਜੂਨ 2018 ਚ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਫੜ ਲਏ ਸਨ ਤਾਂ ਉਸਤੋਂ ਬਾਅਦ ਇਸ ਕੇਸ ਵਿਚ ਕੀ ਤਰੱਕੀ ਹੋਈ ?

| ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾਂ ਨੇ ਕਿਹਾ ਕਿ ਮੁੱਖ ਮੰਤਰੀ ਤੇ ਕਾਂਗਰਸ ਦੇ ਹੋਰ ਮੰਤਰੀ ਤੇ ਵਿਧਾਇਕ ਜਿਹੜੇ 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿਚ ਬੜੇ ਵਾਅਦੇ ਕਰ ਰਹੇ ਸਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਉਹ ਦੱਸਣ ਕਿ ਬਰਗਾੜੀ ਬੇਅਦਬੀ ਨਾਲ ਸੰਬੰਧਤ FIR ਵਿਚ ਅਜੇ ਕੀ ਹੋਇਆ ਹੈ ? |
ਪੰਜਾਬ ਵਿਧਾਨ ਸਭਾ ਨੇ ਇਹ ਕੇਸ CBI ਤੋਂ ਵਾਪਸ ਲੈਣ ਲਈ ਮਤਾ ਪਾਸ ਕੀਤਾ ਸੀ ਤੇ ਉਸ ਸੰਬਧੀ ਹਾਲੇ ਤੱਕ ਕੀ ਕਾਰਵਾਈ ਹੋਈ ?

ਜੇ ਕੇਸ CBI ਤੋਂ ਵਾਪਸ ਨਹੀਂ ਲਿਆ ਤਾਂ ਕਿਓਂ ਨਹੀਂ ਲਿਆ ਤੇ ਜੇ ਲੈ ਲਿਆ ਹੈ ਤਾਂ ਅੱਗੇ ਕੋਈ ਕਾਰਵਾਈ ਕਿਓਂ ਨਹੀਂ ਹੋਈ ?

ਜ਼ਿਕਰ ਯੋਗ ਹੈ ਕਿ ਬਿੱਟੂ ਦੇ ਕਤਲ ਤੋਂ ਬਾਅਦ ਅਖਬਾਰਾਂ ਨੇ ਇਹ ਗੱਲ ਬਾਹਰ ਲਿਆਂਦੀ ਹੈ ਕਿ ਬਰਗਾੜੀ, ਮੱਲਕੇ ਤੇ ਗੁਰੂਸਰ ਵਿਖੇ ਹੋਏ ਬੇਅਦਬੀ ਦੇ ਵੱਡੇ ਕੇਸਾਂ ਚ ਫੜੇ 26 ਵਿਚੋਂ 21 ਦੋਸ਼ੀ, ਜਿਹੜੇ ਸਾਰੇ ਦੇ ਸਾਰੇ ਬਲਾਤਕਾਰੀ ਸਾਧ ਦੇ ਚੇਲੇ ਨੇ, ਦੀਆ ਪਹਿਲਾਂ ਹੀ ਜ਼ਮਾਨਤਾ ਹੋ ਚੁਕੀਆ ਹਨ ! ਇਸ ਕੇਸ ਵਿਚੋਂ ਬਿੱਟੂ ਦੀ ਵੀ ਜ਼ਮਾਨਤ ਹੋ ਚੁਕੀ ਹੈ | ਅਖਬਾਰਾਂ ਨੇ ਤਾਂ ਇਹ ਵੀ ਰਿਪੋਰਟ ਕਰ ਦਿੱਤਾ ਹੈ ਕਿ CBI ਨੇ ਤਾਂ ਇਸ ਕੇਸ ਵਿਚ ਇਕ ਕਦਮ ਵੀ ਅੱਗੇ ਨਹੀਂ ਪੁੱਟਿਆ ਤੇ ਬੇਅਦਬੀ ਨਾਲ ਸੰਬੰਧਤ ਕੇਸਾਂ ਦੀਆਂ ਫਾਈਲਾਂ ਧੂੜ ਫੱਕ ਰਹੀਆਂ ਨੇ |
ਇਨਾਂ ਸਾਰੇ ਤੱਥਾਂ ਤੋਂ ਸਪਸ਼ਟ ਜਾਪਦਾ ਹੈ ਕਿ ਕੈਪਟਨ ਸਰਕਾਰ ਵੀ ਬੇਅਦਬੀ ਦੇ ਕੇਸਾਂ ਨੂੰ ਸਿਰਫ ਚੋਣਾਂ ਤਕ ਸਿਆਸੀ ਲਾਹੇ ਲਈ ਵਰਤਣਾ ਚਾਹੁੰਦੀ ਸੀ ਤੇ ਅਸਲ ਨਿਆਂ ਦੇਣ ਵਿਚ ਇਸ ਨੂੰ ਕੋਈ ਕਾਹਲੀ ਨਹੀਂ ਹੈ | ਹੁਣ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਇਹ ਦਾਅਵਾ ਕਰ ਰਹੇ ਨੇ ਕਿ ਬਿੱਟੂ ਦੀ ਮੌਤ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ ਉਹ ਵੀ ਬਹਾਨੇਬਾਜ਼ੀ ਹੀ ਹੈ | ਸਰਕਾਰ ਦੱਸੇ ਕਿ ਬਿੱਟੂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਸਾਲ ਉਸ ਰਾਹੀਂ ਬਲਾਤਕਾਰੀ ਸਾਧ ਦੇ ਗਲੇ ਤੱਕ ਪਹੁੰਚਣ ਲਈ ਕੀ ਕੀਤਾ | ਉਸ ਦੀ ਮੌਤ ਤਾਂ ਸਿਰਫ ਬਹਾਨਾ ਹੈ ਆਪਣੀ ਨਲਾਇਕੀ ਤੇ ਬੇਈਮਾਨੀ ਨੂੰ ਲੁਕਾਉਣ ਲਈ | ਇਹ ਸਭ ਕਹਿਕੇ ਸਾਧ ਦੇ ਚੇਲਿਆਂ ਨੂੰ ਬਚਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ |
ਸਰਕਾਰ ਇਹ ਵੀ ਦੱਸੇ ਕਿ ਮਈ 2007 ਨੂੰ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲਾ ਕੇਸ, ਜਿਸ ਨੂੰ ਬਾਦਲ ਸਰਕਾਰ ਨੇ ਖਤਮ ਕਰ ਦਿੱਤਾ ਸੀ ਤੇ ਸੌਦਾ ਸਾਧ ਬੜੇ ਅਰਾਮ ਨਾਲ ਉਸ ਕੇਸ ਵਿਚੋਂ ਬਚ ਕੇ ਬਾਹਰ ਨਿਕਲ ਗਿਆ ਸੀ, ਨੂੰ ਕੈਪਟਨ ਸਰਕਾਰ ਦੁਬਾਰਾ ਕਿਓਂ ਨਹੀਂ ਖੋਲ ਰਹੀ ,ਜਦ ਕਿ SIT ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕੇਸ ਖਤਮ ਕਰਨ ਕਰਕੇ ਹੀ ਸਾਧ ਦੀ ਚੇਲਿਆਂ ਨੇ ਬੇਅਦਬੀ ਵਰਗੀ ਵੱਡਾ ਕਾਂਡ ਕਰਨ ਦੀ ਜ਼ੁਅਰਤ ਕੀਤੀ |

ਮਹਿੰਦਰਪਾਲ ਬਿੱਟੂ ਦੀ ਮੌਤ ਦੀ ਜਾਂਚ ਮੰਗਣ ਵਾਲੇ ਰਾਜਨੀਤਕ ਲੋਕਾਂ ਅਤੇ ਡੇਰਾ ਪ੍ਰੇਮੀਆਂ ਨੇ ਅੱਜ ਤੱਕ ਮੌੜ ਬੰਬ ਧਮਾਕੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਜਾਂਚ ਜਾ ਇਨਸਾਫ ਦੀ ਮੰਗ ਕਿਉਂ ਨਹੀਂ ਕੀਤੀ ਖਾਸਕਰ ਉਦੋਂ ਜਦੋਂ ਮੌੜ ਬੰਬ ਧਮਾਕੇ ਦੇ ਤਾਰ ਸਿੱਧੇ ਤੌਰ ਤੇ ਡੇਰਾ ਸਿਰਸਾ ਨਾਲ ਜੁੜਦੇ ਸਾਬਤ ਹੋ ਚੁੱਕੇ ਸਨ
ਇਸ ਮੌਕੇ ਬੋਲਦਿਆਂ ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ ਨੇ ਕਿਹਾ ਕੈਪਟਨ ਸਰਕਾਰ ਨੇ ਸਾਧ ਦੇ ਪ੍ਰੇਮੀਆਂ ਦੀ ਦਬਾਅ ਹੇਠਾਂ ਤਾਂ ਫਟਾਫਟ ਇਕ ADGP ਦੀ ਅਗਵਾਈ ਵਾਲੀ SIT ਬਿੱਟੂ ਦੇ ਕਤਲ ਦੀ ਜਾਂਚ ਲਈ ਬਣਾ ਦਿਤੀ ਤੇ ਮੁਖ ਮੰਤਰੀ ਨੇ ਵੀ ਤੁਰੰਤ ਇੱਕ ਬਿਆਨ ਦਿੱਤਾ ਕੇ ਬਿੱਟੂ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ ਪਰ ਮੁਖ ਮੰਤਰੀ ਇਹ ਵੀ ਦੱਸੇ ਕਿ ਮੌੜ ਬੰਬ ਧਮਾਕੇ ਦੀ ਜਾਂਚ ਅਜੇ ਕਿਉਂ ਨਹੀਂ ਕੀਤੀ ਜਾ ਰਹੀ | ਜਦੋਂ ਪੰਜਾਬ ਪੁਲਿਸ ਮੌੜ ਬੰਬ ਧਮਾਕੇ ਦੇ ਕੇਸ ਵਿਚ ਡੇਰੇ ਦਰਵਾਜ਼ੇ ਤੱਕ ਪਹੁੰਚ ਗਈ ਸੀ ਉਸ ਨੂੰ ਵਾਪਸ ਕਿਓਂ ਬੁਲਾਇਆ ਗਿਆ ਤੇ ਉਸਤੋਂ ਬਾਅਦ ਜਾਂਚ ਠੱਪ ਕਿਓਂ ਪਈ ਹੈ ?
ਪੰਜਾਬ ਦਾ ਮੁਖ ਮੰਤਰੀ ਕਦੇ ਪਾਕਿਸਤਾਨੀ ਫੌਜ ਦੇ ਮੁਖੀ ਤੇ ਕਦੇ ਕਨੇਡਾ ਦੇ ਸਰਕਾਰ ਨੂੰ ਤਾਂ ਧਮਕੀਆਂ ਦਿੰਦਾ ਹੈ ਪਰ ਆਪਣੀ ਅਧਿਕਾਰ ਖੇਤਰ ਵਾਲੇ ਮੌੜ ਬੰਬ ਧਮਾਕੇ ਦੇ ਮਾਮਲੇ ਤੇ ਚੁੱਪ ਕਿਓਂ ਹੈ ਤੇ ਇਸ ਵੱਡੀ ਅੱਤਵਾਦੀ ਘਟਨਾ ਦੇ ਮੁਖ ਦੋਸ਼ੀਆਂ ਦੀ ਗਿੱਚੀ ਤੱਕ ਕਿਓਂ ਨਹੀਂ ਪਹੁੰਚ ਰਿਹਾ ? ਸਾਡੀ ਮੰਗ ਹੈ ਕਿ ਮੌੜ ਧਮਾਕੇ ਦੀ ਜੜ ਤੱਕ ਪਹੁੰਚਿਆ ਜਾਵੇ ਤੇ ਜਦ ਕਿ ਇਹ ਗੱਲ ਸਾਹਮਣੇ ਆ ਚੁੱਕੀ ਹੈ ਕੇ ਧਮਾਕੇ ਵਿਚ ਵਰਤੀ ਕਾਰ ਬਲਾਤਕਾਰੀ ਸਾਧ ਦੀ ਨਿੱਜੀ ਵਰਕਸ਼ਾਪ ਵਿਚ ਤਿਆਰ ਕੀਤੀ ਗਈ ਸੀ ਤਾਂ ਸਾਰੀ ਸਚਾਈ ਬਾਹਰ ਲਿਆ ਕੇ ਨਾਂ ਸਿਰਫ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇ ਬਲਕਿ ਪੀੜਤਾਂ ਨੂੰ ਇਨਸਾਫ਼ ਵੀ ਦਿੱਤਾ ਜਾਵੇ |
ਇਹ ਵੀ ਜ਼ਿਕਰਯੋਗ ਹੈ ਕਿ ਬਾਦਲਾਂ ਦੀ ਸਰਕਾਰ ਵੇਲੇ ਜਿੰਨੇ ਵੀ ਸਿੱਖ ਸਾਧ ਦੇ ਚੇਲਿਆਂ ਨੇ ਮਾਰੇ ਉਨਾਂ ਸਾਰੇ ਕੇਸਾਂ ਵਿਚੋ ਉਹ ਬਰੀ ਹੋ ਗਏ ਜਦ ਕਿ ਸਾਧ ਦੇ ਚੇਲਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਬਣਾਏ ਕੇਸਾਂ ਚ ਫੜੇ ਸਿੱਖ ਨੌਜਵਾਨ ਸਰਕਾਰ ਨੇ ਸਦਾ ਜੇਲ ਅੰਦਰ ਹੀ ਰੱਖੇ | ਜੇ ਕਿਸੇ ਤੇ ਸਾਧ ਦੇ ਚੇਲਿਆਂ ਦਾ ਕੋਈ ਮਾੜਾ ਮੋਟਾ ਨੁਕਸਾਨ ਕਰਨ ਦਾ ਵੀ ਦੋਸ਼ ਸੀ ਉਨਾਂ ਨੂੰ ਵੀ ਸਜ਼ਾ ਹੋ ਗਈ |
ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਕੱਲ ਬਿੱਟੂ ਦੇ ਸਸਕਾਰ ਵੇਲੇ ਇਹ ਨਾਅਰੇ ਲਗਾਏ ਗਏ ਕਿ “ਬਿੱਟੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” | ਕੀ ਇਹ ਬਲਾਤਕਾਰੀ ਸਾਧ ਦੀ ਕੁਝ ਚੇਲੇ ਚੌਧਰੀਆਂ ਦਾ ਬਿੱਟੂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਸੋਚ ਤੇ ਪਹਿਰਾ ਦੇਣ ਦਾ ਐਲਾਨ ਹੈ ?
ਇਸ ਮੌਕੇ ਸਰਦਾਰ ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਹਜ਼ਾਰਾ ਸਿੰਘ ਸੰਦੀਪ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਅਮਨਦੀਪ ਸਿੰਘ ,ਪ੍ਰਦੀਪ ਸਿੰਘ ਪੱਟੀ , ਜੋਗਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ