ਫਗਵਾੜਾ 1 ਸਤੰਬਰ (ਸ਼ਿਵ ਕੋੜਾ) ਇੰਡੀਅਨ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸਮੂਹ ਯੂਥ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਪਿਛਲੇ ਦਿਨੀਂ ਨਵੀਂ ਜਾਰੀ ਹੋਈ ਸੂਚੀ ਅਨੁਸਾਰ ਕਿਸੇ ਅਹੁਦੇ ਦੀ ਵਰਤੋਂ ਕਿਸੇ ਨਾਮ ਦੇ ਨਾਲ ਕਰਨ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਇਸ ਸੂਚੀ ਵਿਚ ਕਾਫੀ ਕਮੀਆਂ ਹਨ ਜਿਸ ਕਰਕੇ ਉਹਨਾਂ ਪੰਜਾਬ ਪ੍ਰਧਾਨ ਦੇ ਨਾਤੇ ਸੂਚੀ ਨੂੰ ਹੋਲਡ ਕੀਤਾ ਹੋਇਆ ਹੈ। ਬਰਿੰਦਰ ਢਿੱਲੋਂ ਨੇ ਦੱਸਿਆ ਕਿ ਜੋ ਸੂਚੀ ਪੰਜਾਬ ਇੰਚਾਰਜ ਦੇ ਦਸਤਖਤਾਂ ਹੇਠ ਜਾਰੀ ਹੋਈ ਹੈ ਉਸ ਵਿਚ ਕਾਫੀ ਸੀਨੀਅਰ ਯੂਥ ਵਰਕਰਾਂ ਦੇ ਨਾਮ ਸ਼ਾਮਲ ਨਹੀਂ ਹਨ ਅਤੇ ਕਈ ਹੋਰ ਇਤਰਾਜ ਵੀ ਹਨ। ਕਿਉਂਕਿ ਜਲਦੀ ਹੀ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ ਯੂਥ ਕਾਂਗਰਸ ਦੀ ਮਜਬੂਤੀ ਲਈ ਹਰ ਵਰਕਰ ਦਾ ਇਤਰਾਜ ਦੂਰ ਕਰਨਾ ਉਹਨਾਂ ਦਾ ਮੁਢਲਾ ਫਰਜ਼ ਹੈ, ਜਿਸ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਜਾਰੀ ਹੈ। ਸਾਰੇ ਇਤਰਾਜ ਦੂਰ ਕਰਨ ਤੋਂ ਬਾਅਦ ਨਵੀਂ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਨਵੀਂ ਸੂਚੀ ਜਾਰੀ ਨਹੀਂ ਹੁੰਦੀ, ਕੋਈ ਵੀ ਵਰਕਰ ਪਿਛਲੀ ਹੋਲਡ ਕੀਤੀ ਸੂਚੀ ਮੁਤਾਬਕ ਆਪਣੇ ਨਾਮ ਦੇ ਨਾਲ ਅਹੁਦੇ ਦੀ ਵਰਤੋਂ ਨਾ ਕਰੇ। ਇਸ ਸਬੰਧੀ ਪ੍ਰੈਸ ਬਿਆਨ, ਸੋਸ਼ਲ ਮੀਡੀਆ ਉਪਰ ਪ੍ਰਚਾਰ ਜਾਂ ਫਲੈਕਸ ਬੋਰਡ ਲਗਾਉਣ ਵਾਲੇ ਵਰਕਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।