ਜਲੰਧਰ : ਇਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਪ੍ਰੀ-ਪ੍ਰਾਇਮਰੀ ਵਿੰਗ (ਜੀ.ਐੱਮ.ਟੀ., ਲੋਹਾਰਾਂ, ਕੈਂਟ ਜੰਡਿਆਲਾ, ਰਾਇਲ ਵਰਲਡ) ਦੇ ਨੰਨ੍ਹੇ ਬੱਚਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ। ਨੰਨ੍ਹੇ ਬੱਚੇ ਵਿਸ਼ੇਸ਼ ਪਰੰਪਰਿਕ ਪਹਿਰਾਵੇ ਵਿੱਚ ਸਕੂਲ ਆਏ। ਬੱਚਿਆਂ ਨੇ ਆਪਣੀ ਮਧੁਰ ਅਵਾਜ ਵਿੱਚ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਮੂਲ ਮੰਤਰ ਦਾ ਵੀ ਉਚਾਰਨ ਕੀਤਾ। ਅਧਿਆਪਕਾਵਾਂ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ’ ਦਾ ਅਰਥ ਸਮਝਾਇਆ ਅਤੇ ਆਪਸ ਵਿੱਚ ਮਿਲ-ਜੁੱਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਅਧਿਆਪਕਾਵਾਂ ਨੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਪ੍ਰਮਾਤਮਾ ਸਰਬ ਵਿਆਪਕ ਹੈ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਗਿਆਨ ਦੀ ਰੌਸ਼ਨੀ ਵੱਲ ਲੈ ਕੇ ਜਾਂਦੀਆਂ ਹਨ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.) ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।