ਅੰਮ੍ਰਿਤਸਰ :  ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ. ਵੱਲੋਂ ਮੁਲਾਜਮਾਂ ਦੀਆਂ ਵਿੱਤੀ ਮੰਗਾਂ ਲਈ ਜਿਲ੍ਹਾ ਹੈੱਡ ਕੁਆਰਟਰਾਂ ਤੇ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਤਹਿਤ ਅੱਜ ਅੰਮ੍ਰਿਤਸਰ ਦੇ ਡੀ.ਸੀ. ਦਫਤਰ ਸਾਹਮਣੇ ਵੱਖ -ਵੱਖ ਵਿਭਾਗਾਂ ਦੇ ਮੁਲਾਜਮਾ ਵੱਲੋਂ ਸਮੂਹਿਕ ਰੂਪ ‘ਚ ਕੀਤੇ ਗਏ ਅਰਥੀ ਫੂਕ ਮੁਜਾਹਰੇ ਦੌਰਾਨ ਐਲੀਮੈਂਟਰੀ ਆਗੂਆਂ ਨੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਵਿਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਯੂ. ਦੇ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਵਿੱਤੀ ਮੰਗਾਂ ਜਿਨਾਂ ‘ਚ ਪੇਅ ਕਮਿਸ਼ਨ ਤੇ ਡੀ. ਏ. ਨਾ ਦੇਣ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਸਮੇਤ ਸਮੂਹ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਖਿਲਾਫ ਤਿੱਖਾ ਰੋਸ ਪ੍ਰਗਟ ਕਰਨ ਲਈ ਕੀਤੇ ਗਏ ਅਰਥੀ ਫੂਕ ਮੁਜਾਹਰੇ ‘ਚ ਈ.ਟੀ.ਯੂ. ਦੇ ਆਗੂਆਂ  ਨੇ ਸ਼ਾਮਿਲ ਹੋ ਕੇ ਵਿਸ਼ਵਾਸ਼ ਦਵਾਇਆ ਹੈ ਕਿ ਸਾਂਝੇ ਮੁਲਾਜਮ ਮੰਚ ਵੱਲੋ ਕੀਤੇ ਜਾਣ ਵਾਲੇ ਹਰੇਕ ਸੰਘਰਸ਼ ‘ਚ ਐਲੀਮੈਂਟਰੀ ਅਧਿਆਪਕ ਆਪਣਾ ਵੱਧ ਤੋਂ ਵੱਧ ਹਿੱਸਾ ਪਾਉਣਗੇ । ਉਨ੍ਹਾਂ ਇਹ ਵੀ ਦੱਸਿਆ  ਕਿ 24 ਫਰਵਰੀ ਨੂੰ ਮੋਹਾਲੀ ਵਿਖੇ ਮੁਲਾਜਮਾਂ ਵੱਲੋਂ ਵਿਸ਼ਾਲ ਸੂਬਾ ਪੱਧਰੀ ਮਹਾਂ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਨੂੰ ਕੀਤੇ ਜਾਣ ਵਾਲੇ ਰੋਸ ਮਾਰਚ ‘ਚ ਵੀ ਸੂਬਾ ਪੱਧਰ ਤੋਂ ਐਲੀਮੈਂਟਰੀ ਅਧਿਆਪਕ ਵੱਡੀ ਗਿਣਤੀ ‘ਚ ਸ਼ਾਮਿਲ ਹੋਣਗੇ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ ।