ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਸਭਿਆਚਾਰ ਨਾਲ ਸੰਬਧਿਤ ਸਾਰੇ ਤਿਉਹਾਰ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਕਾਲਜ ਵੱਲੋਂ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੇ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਵਿਡ-19 ਦੇ ਚਲਦਿਆਂ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਵੱਲੋਂ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗਿੱਧਾ, ਭੰਗੜਾ, ਗੀਤ ਤੇ ਬੋਲੀਆਂ ਨਾਲ ਪੰਜਾਬੀ ਸਭਿਆਚਾਰ ਦੀ ਝਲਕੀਆਂ ਦੀ ਸਫਲ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਲਹਿਰਾਉਂਦੀ ਸੋਨੇ ਰੰਗੀ ਫ਼ਸਲ ਦੀ ਕਟਾਈ ਦਾ ਤਿਉਹਾਰ ਹੈ। ਕਿਸਾਨ ਆਪਣੀਆਂ ਕਣਕ ਦੀਆਂ ਫਸਲਾਂ ਦੀ ਕਟਾਈ ਕਰਦੇ ਹਨ ਤੇ ਜਸ਼ਨ ਮਨਾਉਂਦੇ ਹਨ। ਇਸ ਦਿਨ ਦਾ ਪੰਜਾਬ ਦੇ ਸਭਿਆਚਾਰ ਵਿਚ ਇਤਿਹਾਸਕ ਮਹੱਤਵ ਵੀ ਹੈ। ਉਨ੍ਹਾਂ ਦੱਸਿਆ ਕਿ ਵਿਸਾਖੀ ਵਾਲੇ ਦਿਨ 1699 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਾਡੀ ਆਪਸੀ ਭਾਈਚਾਰਕ ਤੇ ਸਭਿਆਚਾਰਕ ਸਾਂਝ ਵੱਧਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਕੇ ਇਸ ਤਿਉਹਾਰ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ।