ਜਲੰਧਰ : ਸੰਸਦ ਮੈਂਬਰ ਜਿਨਾਂ ਦੇ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ 48 ਲੱਖ ਰੁਪਏ ਦੀ ਲਾਗਤ ਨਾਲ ਸਖੀ-ਵਨ ਸਟਾਪ ਕੇਂਦਰ ਦੀ ਨਵੀਂ ਇਮਾਰਤ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਇਸ ਨਵੀਂ ਇਮਾਰਤ ਵਿਖੇ ਡਾਕਟਰੀ ਸਹਾਇਤਾ ਲਈ ਅਲੱਗ ਕਮਰਾ, ਪੁਲਿਸ ਸਹਿਯੋਗ ਅਤੇ ਕਾਨੂੰਨੀ ਸਹਾਇਤਾ/ਕੇਸਾਂ ਦੇ ਪ੍ਰਬੰਧ, ਮਨੋਚਕਿਸਤਕ ਕੌਂਸਲਿੰਗ ਅਤੇ ਆਰਜ਼ੀ ਸਹਾਇਤਾ ਸੇਵਾਵਾਂ ਤੋਂ ਇਲਾਵਾ 10 ਬੈਡਾਂ ਵਾਲਾ ਸ਼ੈਲਟਰ ਰੂਮ ਬਣਾਇਆ ਗਿਆ ਹੈ। ਇਹ ਕੇਂਦਰ ਪਹਿਲਾਂ ਸਿਵਲ ਹਸਪਤਾਲ ਦੇ ਜੱਚਾ-ਬੱਚਾ ਜਾਂਚ ਕੇਂਦਰ ਵਿਖੇ ਚਲਾਇਆ ਜਾ ਰਿਹਾ ਸੀ ਜਿਥੇ ਵੱਖ-ਵੱਖ ਕੇਸਾਂ ਜਿਵੇਂ ਬਲਾਤਕਾਰ, ਘਰੇਲੂ ਹਿੰਸਾ ਅਤੇ ਸਰੀਰਿਕ ਤੇ ਮਾਨਸਿਕ ਤੌਰ ‘ਤੇ ਪੀੜਤ ਔਰਤਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਸੀ। ਇਸ ਕੇਂਦਰ ਦਾ ਮੁੱਖ ਮੰਤਵ ਪੀੜਤ ਮਹਿਲਾਵਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਸਬੰਧਿਤ ਅਥਾਰਟੀਆਂ ਦੀ ਸਹਾਇਤਾ ਨਾਲ ਨਿਆਂ ਨੂੰ ਸੁਰੱਖਿਅਤ ਬਣਾਉਣਾ ਹੈ। ਇਹ ਨਵੀਂ ਇਮਾਰਤ ਘਰੇਲੂ ਹਿੰਸਾ ,ਸ਼ੋਸ਼ਣ ਅਤੇ ਹੋਰ ਮੁਸ਼ਕਿਲਾਂ ਵਿੱਚ ਲੋੜਵੰਦ ਔਰਤਾਂ ਨੂੰ ਸਹਾਇਤਾ ਪਹੁੰਚਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਖੀ-ਵਨ ਸਟਾਫ਼ ਸੈਂਟਰ ਵਲੋਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਹਿੰਸਾ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਸਰੀਰਿਕ ਸ਼ੋਸਣ, ਮਾਨਸਿਕ ਤੌਰ ‘ਤੇ ਤੰਗ ਪਰੇਸ਼ਾਨ ਮਹਿਲਾਵਾ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਪੀੜਤ ਛੋਟੀ ਉਮਰ ਦੀ ਹੈ ਤਾਂ ਉਸ ਕੇਸ ਨੂੰ ਜੂਵੇਨਾਇਲ ਜਸਟਿਸ(ਬੱਚਿਆਂ ਦੀ ਸੰਭਾਲ ਅਤੇ ਸੁਰੱਖਿਆ) ਕਾਨੂੰਨ-2000 ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਸੈਕਸੁਅਲ ਅਫੈਂਸ ਐਕਟ-2012 ਅਧੀਨ ਸਥਾਪਿਤ ਅਥਾਰਟੀਆਂ/ਸੰਸਥਾਵਾਂ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਂਦਾ ਹੈ। ਘਰੇਲੂ ਹਿੰਸਾ ਅਤੇ ਹੋਰ ਮੁਸੀਬਤਾਂ ਤੋਂ ਪ੍ਰਭਾਵਿਤ ਮਹਿਲਾਵਾ ਨੂੰ 24 ਘੰਟੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਸਖੀ-ਵਨ ਸਟਾਫ਼ ਸੈਂਟਰ ਜਲਦ ਹੀ ਪੰਜਾਬ ਪੁਲਿਸ ਦੀ 181-ਮਹਿਲਾ ਪੁਲਿਸ ਹੈਲਪਲਾਈਨ ਨਾਲ ਜੋੜਿਆ ਗਿਆ ਹੈ ਅਤੇ ਮਹਿਲਾਵਾਂ ਹੁਣ ਟੈਲੀਫੋਨ ‘ਤੇ ਵੀ ਆਪਣੀਆਂ ਸਮੱਸਿਆਵਾਂ ਸਬੰਧੀ ਸ਼ਿਕਾਇਤ ਦਰਜ਼ ਕਰਵਾ ਸਕਦੀਆਂ ਹਨ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਸੀ.ਜੇ.ਐਮ.) ਜਾਪਇੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਕਾਰਜਕਾਰੀ ਇੰਜੀਨੀਅਰ ਬੀ.ਐਸ.ਤੁਲੀ, ਡੀ.ਸੀ.ਪੀ.ਓ.ਅਜੈਪਾਲ, ਐਸ.ਡੀ.ਓਜ਼ ਪ੍ਰੇਮ ਕਮਲ ਅਤੇ ਵਿਸ਼ਾਲ, ਐਸ.ਐਮ.ਓ. ਡਾ.ਚਨਜੀਵ ਸਿੰਘ ਅਤੇ ਹੋਰ ਹਾਜ਼ਰ ਸਨ।