ਜਲੰਧਰ : ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਅਤੇ ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ, ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਕਰਮ ਚੰਦ ਬੀਨੇਵਾਲ, ਸੰਤ ਜਗਵਿੰਦਰ ਲਾਂਬਾ ਖਮਾਣੋਂ, ਸੰਤ ਜਗਤਾਰ ਸਿੰਘ ਨੇ ਇੱਥੇ ਸਾਂਝੇ ਪ੍ਰੈਸ ਬਿਆਨ ਰਾਹੀਂ ਗੁਰੂ ਰਵਿਦਾਸ ਦੇ ਇਤਿਹਾਸਕ ਮੰਦਰ ਨੂੰ ਤੋੜੇ ਜਾਣ ‘ਤੇ ਰੋਸ ਵਜੋਂ ਪੰਜਾਬ ਬੰਦ ਨੂੰ ਸ਼ਾਂਤਮਈ ਰਹਿ ਕੇ ਸਫ਼ਲ ਬਨਾਉਣ ਲਈ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਭਗਵਾਨ ਵਾਲਮੀਕਿ ਸਮਾਜ, ਮੁਸਲਿਮ ਸਮਾਜ ਅਤੇ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਸਟੂਡੈਂਟ ਫੈਡਰੇਸ਼ਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਕੀਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਮੰਦਰ ਦੀ ਜਗ੍ਹਾ ਸਾਡੇ ਸਮਾਜ ਨੂੰ ਨਹੀਂ ਦਿੱਤੀ ਜਾਂਦੀ ਅਤੇ ਉਥੇ ਮੰਦਰ ਨਹੀਂ ਬਣਦਾ ਅਤੇ ਸਰਕਾਰ ਮੰਦਿਰ ਢਾਹੁਣ ਤੇ ਆਪਣੀ ਗਲਤੀ ਦੀ ਮੁਆਫੀ ਨਹੀਂ ਮੰਨਦੀ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਇਸ ਬੰਦ ਨੂੰ ਸਫ਼ਲ ਬਣਾਇਆ ਹੈ ਇਸੇ ਤਰ੍ਹਾਂ ਦਿੱਲੀ ਵਿਖੇ 21 ਅਗਸਤ ਦੇ ਜੰਤਰ ਮੰਤਰ ਦੇ ਧਰਨੇ ਲਈ ਵੀ ਵਹੀਰਾਂ ਘੱਤ ਕੇ ਦਿੱਲੀ ਪਹੁੰਚੋ।

ਉਨ੍ਹਾਂ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਜਿੰਨੀ ਦੇਰ ਸੰਘਰਸ਼ ਲੜ ਰਹੀਆਂ ਧਿਰਾਂ ਨੂੰ ਗੱਲਬਾਤ ਵਿਚ ਸ਼ਾਮਿਲ ਕਰਕੇ ਹੱਲ ਨਹੀਂ ਕੱਢਿਆ ਜਾਂਦਾ ਓਨੀਂ ਦੇਰ ਅਸੀਂ ਚੁੱਪ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਜੋ ਸਥਾਨ ਬਦਲ ਕੇ ਰਵਿਦਾਸ ਮਹਾਰਾਜ ਦੇ ਮੰਦਿਰ ਦਾ ਮੁੜ ਨਿਰਮਾਣ ਦੀ ਗੱਲ ਕੀਤੀ ਗਈ ਹੈ ਉਸ ਨਾਲ ਸਾਡਾ ਭਾਈਚਾਰਾ ਸਹਿਮਤ ਨਹੀਂ ਹੈ।

ਉਨ੍ਹਾਂ ਕਿਹਾ ਰਵਿਦਾਸ ਮਹਾਰਾਜ ਦੇ ਮੰਦਿਰ ਦਾ ਮੁੜ ਨਿਰਮਾਣ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ‘ਤੇ ਹੀ ਕੀਤਾ ਜਾਵੇ। ਉਨ੍ਹਾਂ ਸਮੁੱਚੇ ਐਸ.ਸੀ. ਵਰਗ ਨੂੰ ਇਹ ਅਪੀਲ ਵੀ ਕੀਤੀ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ ਵਿਚ ਸ਼ਾਮਿਲ ਨਾ ਹੋਇਆ ਜਾਵੇ ਕਿਉਂਕਿ ਸਾਡੇ ਗੁਰੂ ਦੇ ਘਰ ਨੂੰ ਢਾਹ ਕੇ ਸਾਡੀ ਧਾਰਮਿਕ ਆਜ਼ਾਦੀ ‘ਤੇ ਹਮਲਾ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਸਤਪਾਲ, ਸੰਤ ਲਾਲ ਦਾਸ ਪਿਆਲਾਂ ਵਾਲੇ, ਸ੍ਰੀ ਬਲਵੀਰ ਮਹੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੰਤ ਕਰਮ ਚੰ ਸੰਤ ਦਿਆਲ ਚੰਦ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ, ਸ. ਪ੍ਰੇਮ ਪਾਲ ਸਿੰਘ, ਸ੍ਰੀ ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।