
ਜਲੰਧਰ :ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂ ਸਾਥੀ ਮਦਨ ਗੋਪਾਲ ਇੱਕ ਸੜਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਇੱਕ ਮਹੀਨਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ 2017 ਦੀ 31 ਮਈ-1 ਜੂਨ ਦੀ ਦਰਮਿਆਨੀ ਰਾਤ ਇਨਕਲਾਬੀ ਕਾਫ਼ਲੇ ’ਚੋਂ ਸਰੀਰਕ ਰੂਪ ’ਚ ਬੇਸ਼ੱਕ ਵਿਛੜ ਗਏ ਪਰ ਉਹ ਆਪਣੇ ਸੰਗੀਆਂ-ਸਾਥੀਆਂ ਦੇ ਮਸਤਕਾਂ ਵਿੱਚ ਅੱਜ ਵੀ ਜਿਉਂਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਲੋਕਾਂ ਨੂੰ ਜੱਥੇਬੰਦ ਕਰਨ, ਚੇਤਨ ਕਰਨ ਅਤੇ ਇਨਕਲਾਬੀ ਲਹਿਰ ਨੂੰ ਉਸਾਰਨ ਵਿੱਚ ਗੁਜ਼ਾਰਿਆਂ। ਉਹ ਸਾਦਗੀ ਅਤੇ ਦਿ੍ਰੜ ਇਰਾਦੇ ਵਾਲੀ ਬੇਦਾਗ਼ ਸ਼ਖ਼ਸੀਅਤ ਸਨ। ਕਾ. ਮਦਨ ਗੋਪਾਲ ਇਕ ਆਦਰਸ਼ ਕਮਿਊਨਿਸਟ ਸਨ ਜਿਹਨਾਂ ਨੇ ਇਨਕਲਾਬੀ ਲਹਿਰ ਵਿਚ ਕੁੱਦਕੇ ਸਮਾਜ ਨੂੰ ਮਨੁੱਖ ਦੇ ਜਿਊਣਯੋਗ ਬਣਾਉਣ ਲਈ ਸਾਰੀ ਉਮਰ ਦਿ੍ਰੜਤਾ ਨਾਲ ਕੰਮ ਕੀਤਾ। ਆਪਣੀ ਸਾਦਾ ਅਤੇ ਬੇਦਾਗ਼ ਜ਼ਿੰਦਗੀ ਕਾਰਨ ਉਹ ਹਰ ਕਿਸੇ ਦਾ ਮਨ ਮੋਹ ਲੈਣ ਵਾਲੇ ਸੱਚੇ ਕਮਿਊਨਿਸਟ ਸਨ। ਉਹਨਾਂ ਨੇ ਸਾਰੀ ਉਮਰ ਮਾਰਕਸਵਾਦੀ ਨਜ਼ਰੀਏ ਉੱਪਰ ਪਹਿਰਾ ਦਿੱਤਾ ਅਤੇ ਕਦੇ ਵੀ ਆਪਣੀ ਵਿਚਾਰਧਾਰਾ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।
ਉਨ੍ਹਾਂ ਦਾ ਵਿਛੋੜਾ ਉਸ ਵਕਤ ਹੋਇਆ ਜਦੋਂ ਦੇਸ਼ ਵਿੱਚ ਹਿੰਦੂਤਵ ਫਾਸ਼ੀਵਾਦ ਵੱਲੋਂ ਘੱਟ ਗਿਣਤੀਆਂ ਉੱਪਰ ਕੀਤੇ ਗਏ ਹਮਲਿਆਂ ਨਾਲ ਇਨਕਲਾਬੀ ਸ਼ਕਤੀਆਂ ਲਈ ਹੋਰ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ। ਕਰੋਨਾ ਮਹਾਂਮਾਰੀ ਦੀ ਆੜ ਹੇਠ ਆਰਥਿਕ ਸੁਧਾਰਾਂ ਦੇ ਨਾਂ ਹੇਠ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਖੁਸ਼ ਕਰਨ ਨਾਲ ਦੇਸ਼ ਹੋਰ ਤਬਾਹੀ ਵਾਲੇ ਪਾਸੇ ਜਾਵੇਗਾ। ਦੇਸ਼ ਪਹਿਲਾਂ ਹੀ ਬੇਰੁਜ਼ਗਾਰੀ ਦੀ ਸਿਖ਼ਰ, ਕਿਸਾਨੀ ਸੰਕਟ ਅਤੇ ਘਰੇਲੂ ਉਤਪਾਦਨ ਦਾ ਹੇਠਾਂ ਵੱਲ ਜਾਣਾ ਗੰਭੀਰ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਮੌਕੇ ਸਾਥੀ ਗੋਪਾਲ ਵਰਗੇ ਦਿ੍ਰੜ ਕਮਿਊਨਿਸਟ ਇਨਕਲਾਬੀ ਆਗੂ ਦੀ ਘਾਟ ਹੋਰ ਵੀ ਰੜਕਦੀ ਹੈ। ਉਹ ਹਮੇਸ਼ਾ ਇਸ ਗੱਲ ਉਪਰ ਜ਼ੋਰ ਦਿੰਦੇ ਸਨ ਕਿ ਲੋਕ ਮੁਕਤੀ ਦੇ ਕਾਜ ਨੂੰ ਤਨਦੇਹੀ ਨਾਲ ਸਥਾਪਿਤ ਹੋਕੇ ਹੀ ਅਤੇ ਪੂਰੀ ਦਿ੍ਰੜਤਾ ਨਾਲ ਲਗਾਤਾਰ ਕਿਰਤੀ ਲੋਕਾਂ ਵਿਚ ਕੰਮ ਕਰਕੇ ਹੀ ਮਜ਼ਬੂਤ ਲਹਿਰ ਉਸਾਰੀ ਜਾ ਸਕਦੀ ਹੈ। ਹਿੰਦੂਤਵ ਫਾਸ਼ੀਵਾਦ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਦੱਬੇ-ਕੁਚਲੇ ਅਤੇ ਕਿਰਤੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ਨੂੰ ਇਸ ਲੜਾਈ ਲਈ ਲਾਮਬੰਦ ਕਰਨਾ ਸਾਡਾ ਫੌਰੀ ਨਿਸ਼ਾਨਾ ਹੈ।
ਅੱਜ ਸੰਘ ਪਰਿਵਾਰ ਦੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਦਿਆਂ ਮੋਦੀ ਸਰਕਾਰ ਦੇਸ਼ ਨੂੰ ਫਿਰਕੂ ਅਧਾਰ ’ਤੇ ਵੰਡਣ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ਲੋਕਾਂ ਦਾ ਧਿਆਨ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਤੋਂ ਪਾਸੇ ਕਰ ਰਹੀ ਹੈ। ਹਰ ਵਿਰੋਧੀ, ਅਵਾਜ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦੇਸ਼ ਧਰੋਹੀ ਕਹਿ ਕੇ, ਚਿੰਤਕਾਂ, ਵਿਚਾਰਵਾਨਾ, ਬੁੱਧੀਜੀਵੀ, ਲੇਖਕਾ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁੰਨ ਨੂੰ ਸਾਲਾਂ ਬੱਧੀ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਜਮਾਨਤ ਲੈਣ ਦੇ ਅਧਿਕਾਰਾਂ ਤੋਂ ਵੀ ਵੰਚਿਤ ਕੀਤਾ ਜਾ ਰਿਹਾ ਹੈ। ਕਰੋਨਾ ਕਾਰਨ ਤਾਲਾਬੰਦੀ ਦੇ ਬਹਾਨੇ ਮਜ਼ਦੂਰਾਂ-ਕਿਸਾਨਾਂ ਦਾ ਘਾਣ ਕਰਨ ਅਤੇ ਲੋਕ ਵਿਰੋਧੀ ਫੈਸਲੇ ਲੈਣ ਵਾਲੀ ਸੰਘੀ ਸਰਕਾਰ ਦੇ ਹਮਲੇ ਨੂੰ ਕਾਮਰੇਡ ਮਦਨ ਗੋਪਾਲ ਜਿਹੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈ ਕੇ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਕੇ ਹੀ ਹਰਾਇਆ ਜਾ ਸਕਦਾ ਹੈ। ਲੋਕਾਂ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹਿਣ ਵਾਲੇ ਕਾ. ਮਦਨ ਗੋਪਾਲ ਇਨਕਲਾਬੀ ਸੰਘਰਸ਼ਾਂ ਸਦਕਾ ਹੀ ਲੋਕ ਮਨਾਂ ਵਿੱਚ ਵਸਦੇ ਰਹਿਣਗੇ।