ਕਰਤਾਰਪੁਰ 21 ਅਪ੍ਰੈਲ (ਗੁਰਦੀਪ ਸਿੰਘ ਹੋਠੀ)
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ 3 ਮਈ ਤੱਕ ਲਗਾਏ ਗਏ ਕਰਫਿਊ ਦੋਰਾਨ ਕਰਤਾਰਪੁਰ ਸ਼ਹਿਰ ਦਾ ਮਾਹੋਲ ਬਿਲਕੁੱਲ ਅਾਮ ਮਹਿਸੂਸ ਲਗਦਾ ਹੈ ਕਿਉਂਕਿ ਇੱਥੇ ਲੋਕ ਬਿਨਾਂ ਕਿਸੇ ਕੰਮ ਤੋਂ ਬਜਾਰਾਂ ਵਿੱਚ ਡਾਰਾਂ ਬਣਾ ਕੇ ਘੁੰਮਦੇ ਆਮ ਹੀ ਨਜ਼ਰ ਆ ਰਹੇ ਹਨ। ਜਿਸ ਨਾਲ ਕਰਫਿਊ ਦੀ ਘੋਰ ਉਲੰਘਣਾ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਨ੍ਹਾਂ ਦੁਕਾਨਦਾਰਾਂ ਨੂੰ ਪ੍ਰਸ਼ਾਸ਼ਨ ਵੱਲੋਂ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਉਹਨਾਂ ਵਿੱਚੋਂ ਕੁੱਝ ਦੁਕਾਨਦਾਰਾਂ ਵੱਲੋਂ ਚੋਰ ਮੌਰੀ ਰਾਹੀਂ ਆਪਣਾ ਸਮਾਨ ਵੇਚਿਆ ਜਾ ਰਿਹਾ ਹੈ ਜਾਂ ਫਿਰ ਕਈ ਦੁਕਾਨਦਾਰ ਅੱਧਾ ਛਟਰ ਚੁੱਕ ਕੇ ਬੈਠੇ ਹਨ ਜਾਂ ਫਿਰ ਦੁਕਾਨਾਂ ਦਾ ਛਟਰ ਬੰਦ ਕਰਕੇ ਬਾਹਰ ਬੈਠ ਜਾਂਦੇ ਹਨ ਤੇ ਗ੍ਰਾਹਕਾਂ ਦੇ ਆਉਣ ਤੇ ਸਮਾਨ ਵੇਚੀ ਜਾ ਰਹੇ ਹਨ। ਇੱਥੇ ਹੀ ਬਸ ਨਹੀਂ, ਮਿਲੀ ਜਾਣਕਾਰੀ ਅਨੁਸਾਰ ਹਲਵਾਈਆਂ, ਜੰਕ ਫੂਡ ਅਤੇ ਗੋਲ ਗੱਪਿਆਂ ਦੀ ਹੋਮ ਡਿਲੀਵਰੀ ਵੀ ਕੀਤੀ ਜਾ ਰਹੀ ਹੈ ਪਰ ਲਗਦਾ ਪ੍ਰਸ਼ਾਸ਼ਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਪੀਜ਼ਾ ਡਿਲੀਵਰੀ ਲੜਕੇ ਦਾ ਕੋਰੋਨਾ ਵਾਇਰਸ ਪਾਜ਼ਟਿਵ ਆਇਆ ਸੀ ਤੇ ਉਸ ਨੇ ਬਹੁਤ ਸਾਰੇ ਘਰਾਂ ਵਿੱਚ ਪੀਜ਼ਾ ਡਿਲੀਵਰ ਕੀਤਾ ਸੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਵੀ ਪਾਜ਼ਟਿਵ ਪਾਇਆ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸ਼ਨ ਨੇ ਜੇਕਰ ਵਾਕਈ ਕੋਰੋਨਾ ਤੇ ਕਾਬੂ ਪਾਉਣਾ ਹੈ ਤਾਂ ਸਖ਼ਤੀ ਵਧਾਉਣੀ ਪਵੇਗੀ ਨਹੀਂ ਤਾਂ ਫਿਰ ਇਹੋ ਜਿਹੇ ਕਰਫਿਊ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਂਦਾ ਜਿੱਥੇ ਲੋਕ ਬੇਫਿਕਰ ਹੋ ਕੇ ਕਰਫਿਊ ਦੀ ਉਲੰਘਣਾ ਕਰਦਿਆਂ ਕੋਰੋਨਾ ਨੂੰ ਆਪ ਦਾਵਤ ਦੇਣ ਦੇ ਰਾਹ ਤਿਆਰ ਕਰਨ ਅਤੇ ਪ੍ਰਸ਼ਾਸ਼ਨ ਵੱਲੋਂ ਜਿਹਨਾਂ ਦੁੱਧ, ਬੇਕਰੀ, ਸਬਜੀ-ਫਲਾਂ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ ਰੋਜ਼ ਵਰਤਨ ਵਾਲੇ ਸਮਾਨ ਕਰਕੇ ਖੁੱਲ ਦਿੱਤੀ ਗਈ ਹੈ ਉਹਨਾਂ ਦੁਕਾਨਾਂ ਦਾ ਕੋਈ ਟਾਈਮ ਜਰੂਰ ਮਿੱਥਿਆ ਜਾਵੇ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਦੁਕਾਨਾਂ ਖੋਲ ਸਕਦੇ ਹਨ। ਸ਼ਹਿਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਇਸ ਕੋਰੋਨਾ ਨਾਲ ਜੇਕਰ ਜੰਗ ਜਿੱਤਣੀ ਹੈ ਤਾਂ ਆਪਣੇ ਆਪਣੇ ਘਰ ਵਿੱਚ ਰਹੋ ਕਿਉਂਕਿ ਕੋਰੋਨਾ ਆਪਾਂ ਆਪ ਬਾਹਰੋਂ ਘਰ ਲੈ ਕੇ ਆਵਾਂਗੇ ਇਹ ਆਪਣੇ ਆਪ ਘਰ ਵਿੱਚ ਦਾਖਲ ਨਹੀਂ ਹੁੰਦਾ।