ਜਲੰਧਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਖੇ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਤਾਇਨਾਤ ਸ੍ਰੀ ਕਸ਼ਮੀਰ ਸਿੰਘ ਰਾਣਾ ਨੂੰ 39 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤੀ ’ਤੇ ਵਿਭਾਗ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਸ੍ਰ.ਮਨਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਕਸ਼ਮੀਰ ਸਿੰਘ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਵਿਭਾਗ ਦੀ ਸੇਵਾ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਵਕਤ ਦੇ ਬਹੁਤ ਪਾਬੰਦ ਸਨ ਅਤੇ ਉਨ੍ਹਾਂ ਵਲੋਂ ਹਰ ਤਰ੍ਹਾਂ ਦੀ ਵਿਭਾਗੀ ਡਿਊਟੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਸ਼ਮੀਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਧਿਕਾਰੀ ਸਨ ਅਤੇ ਹਮੇਸ਼ਾਂ ਹੀ ਆਪਣੇ ਸਹਿਯੋਗੀ ਕਰਮਚਾਰੀਆਂ ਨਾਲ ਮਿਲ ਕੇ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਸਨ । ਉਨ੍ਹਾਂ ਕਿਹਾ ਕਿ ਸ੍ਰੀ ਕਸ਼ਮੀਰ ਸਿੰਘ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਈ ਗਈ ਬੇਦਾਗ਼ ਸੇਵਾ ਹਮੇਸ਼ਾਂ ਹੀ ਦੂਸਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਹਨਤ ਨਾਲ ਸਫ਼ਲਤਾ ਹਾਸਿਲ ਕਰਨ ਲਈ ਪ੍ਰੇਰਦੀ ਰਹੇਗੀ।
ਇਸ ਮੌਕੇ ’ਤੇ ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੰਤ ਕੁਮਾਰ ਜੁਨੇਜਾ, ਸੇਵਾ ਮੁਕਤ ਸਹਾਇਕ ਲੋਕ ਸੰਪਰਕ ਅਫ਼ਸਰ ਕ੍ਰਿਸ਼ਨ ਕੁਮਾਰ ਟੰਡਨ ਵਿਸ਼ੇਸ਼ ਤੌਰ ’ਤੇ ਵਿਦਾਇਗੀ ਪਾਰਟੀ ਵਿੱਚ ਪਹੁੰਚੇ ਅਤੇ ਵਿਭਾਗ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾ ਵਲੋਂ ਵੀ ਸ੍ਰੀ ਕਸ਼ਮੀਰ ਸਿੰਘ ਦੇ ਮਿਹਨਤ ਤੇ ਲਗਨ ਨਾਲ ਵਿਭਾਗ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਤੇ ਜਤਿੰਦਰ ਕੋਹਲੀ ਅਤੇ ਸਮੂਹ ਸਟਾਫ਼ ਅਤੇ ਸ੍ਰੀ ਕਸ਼ਮੀਰ ਸਿੰਘ ਰਾਣਾ ਦੀ ਧਰਮਪਤਨੀ ਮਨੋਰਮਾ ਰਾਣਾ, ਬੇਟਾ ਮੋਹਿਤ ਰਾਣਾ ਬੇਟੀ ਸਵਾਤੀ ਰਾਣਾ ਅਤੇ ਰੋਹਿਤ ਰਾਣਾ ਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ।
ਇਸ ਮੌਕੇ ਸ੍ਰੀ ਕਸ਼ਮੀਰ ਸਿੰਘ ਸਹਾਇਕ ਲੋਕ ਸੰਪਰਕ ਅਫ਼ਸਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਸਨਮਾਨਿਤ ਵੀ ਕੀਤਾ ਗਿਆ।