
ਫਗਵਾੜਾ 3 ਨਵੰਬਰ (ਸ਼ਿਵ ਕੋੜਾ) ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੀ ਗਈ ਨਵੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਰੱਦੀ ਦਾ ਟੋਕਰਾ ਦੱਸਿਆ ਹੈ। ਅੱਜ ਇੱਥੇ ਗਲਬਾਤ ਦੌਰਾਨ ਉਹਨਾਂ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕੀਤਾ ਜਾਵੇ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਰੋੜਾਂ ਰੁਪਏ ਦਾ ਘੋਟਾਲਾ ਕਰਨ ਵਾਲੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਗਿਰਫ਼ਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ 2020-21 ਦੇ ਵਿਦਿਅਕ ਸੈਸ਼ਨ ‘ਚ ਚਾਰ ਲੱਖ ਵਿਦਿਆਰਥੀਆਂ ਨਾਲ ਧੱਕਾ ਕਾਂਗਰਸ ਪਾਰਟੀ ਦੇ ਰਾਜ ਵਿਚ ਹੋਇਆ ਕਿਉਂਕਿ ਵਿਦਿਆਰਥੀ ਬਿਨਾਂ ਵਜੀਫੇ ਤੋਂ ਪੜ ਰਹੇ ਹਨ ਜਿਸ ਨਾਲ ਪੰਜਾਬ ਦੇ ਦਲਿਤਾਂ ਨੂੰ ਕਾਂਗਰਸ ਨੇ 600 ਕਰੋੜ ਦਾ ਚੂਨਾ ਲਾਇਆ ਹੈ। ਦੂਜਾ ਕਾਂਗਰਸ ਨੇ ਇਹ ਸਕੀਮ ਸਿਰਫ ਅਨੁਸੂਚਿਤ ਜਾਤੀਆਂ ਲਈ ਸ਼ੁਰੂ ਕਰਨ ਦਾ ਲਾਰਾ ਲਾਇਆ ਜਦਕਿ ਓਬੀਸੀ ਅਤੇ ਘਟ ਗਿਣਤੀਆਂ ਵਰਗਾ ਦੇ ਵਿਦਿਆਥੀਆਂ ਨੂੰ ਸਕੀਮ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ। ਤੀਜਾ ਇਸ ਸਕੀਮ ਵਿਚ ਵਿਦਿਆਰਥੀਆਂ ਨੂੰ ਸਿਰਫ ਸਰਕਾਰੀ ਸੰਸਥਾਵਾਂ ਵਿਚ ਹੀ ਪੜਨ ਦੀ ਛੋਟ ਦਿਤੀ ਹੈ ਜਦਕਿ ਪੰਜਾਬ ਵਿਚ ਸਿਖਿਆ 95% ਪ੍ਰਾਈਵੇਟ ਅਦਾਰਿਆਂ ਦੇ ਹੱਥ ਹੈ ਅਤੇ ਇਹਨਾਂ ਲਈ ਨਵੀਂ ਸਕੀਮ ਵਿਚ ਸਿਰਫ 60% ਸਰਕਾਰੀ ਫੀਸ ਦਾ ਹੀ ਦੇਣ ਲਈ ਕਿਹਾ ਹੈ ਜਦਕਿ ਨਿਜੀ ਸੰਸਥਾਵਾਂ ਦੀ ਫੀਸ ਜਿਆਦਾ ਹੁੰਦੀ ਹੈ। ਪੰਜਾਬ ਵਿੱਚ 2016-2017 ਤੋਂ 2020 ਤੱਕ 1650 ਸੰਸਥਾਵਾਂ ਦਾ 1850 ਕਰੋੜ ਬਕਾਇਆ ਖੜਾ ਹੈ ਅਤੇ ਨਿਜੀ ਸੰਸਥਾਵਾਂ ਵਲੋਂ ਲੱਖਾਂ ਵਿਦਿਆਰਥੀਆਂ ਦੇ ਡਿਗਰੀ ਸਰਟੀਫਿਕੇਟ ਰੋਕੇ ਗਏ ਹਨ ਇਸ ਲਈ ਕੈਪਟਨ ਸਰਕਾਰ ਦੀ ਨਵੀਂ ਵਜੀਫਾ ਸਕੀਮ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਨਾਲ ਸਿੱਧਾ ਧੱਕਾ ਹੈ। ਬਸਪਾ ਆਗੂ ਨੇ ਵਾਲਮੀਕਿ ਸਮਾਜ ਨੂੰ ਗੱਫੇ ਦੇਣ ਦੇ ਸਰਕਾਰੀ ਐਲਾਨ ਨੂੰ ਬਹੁਜਨ ਸਮਾਜ ਦਾ ਅਪਮਾਨ ਦੱਸਿਆ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਰਾਮ ਤੀਰਥ ਅਸਥਾਨ ਤੋਂ 50 ਕਰੋੜ ਰੁਪਏ ਦਾ ਐਲਾਨ ਪੰਜਾਬ ਦੇ 13% ਵਾਲਮੀਕਿ ਮਜ਼ਬ ਸਮਾਜ ਜਿਨਾ ਦੀ ਅਬਾਦੀ 35 ਲੱਖ ਦੇ ਕਰੀਬ ਹੈ ਅਤੇ ਇਕ ਵਿਅਕਤੀ ਦਾ ਮੁੱਲ ਕੈਪਟਨ ਸਰਕਾਰ ਨੇ ਸਿਰਫ 143 ਰੁਪਏ ਪਾਇਆ ਹੈ ਜੋ ਕਿ ਵਾਲਮੀਕਿ ਸਮਾਜ ਲਈ ਗੱਫਾ ਨਹੀਂ ਬਲਕਿ ਧੱਕਾ ਹੈ। ਉਹਨਾਂ ਅੰਮ੍ਰਿਤਸਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਹਰ ਐਲਾਨ ਨੂੰ ਗੁਮਰਾਹ ਕਰਨ ਦੀ ਸਿਆਸੀ ਚਾਲ ਦੱਸਿਆ ਅਤੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਵਾਲਮੀਕਿ ਸਮਾਜ ਨੂੰ ਕੁਝ ਦੇਣਾ ਹੁੰਦਾ ਤਾਂ ਆਈਟੀਆਈ ਨਹੀਂ ਆਈਆਈ ਟੀ ਬਣਾ ਕੇ ਦਿੰਦੀ ਤਾਂ ਕਿ ਕਿ ਮਜਬੀ ਵਾਲਮੀਕਿ ਸਿੱਖ ਸਮਾਜ ਦੇ ਨਾਲ ਨਾਲ ਬਾਕੀ ਪੰਜਾਬ ਲਈ ਵੀ ਤਰੱਕੀ ਦਾ ਰਸਤਾ ਖੁੱਲਦਾ।