ਕਰਤਾਰਪੁਰ,9 ਅਕਤੂਬਰ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਲੰਘੀ ਕੱਲ੍ਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਲੰਧਰ ਪੱਛਮੀ ਦੇ ਦਫ਼ਤਰ ਦਾ ਘੇਰਾਓ ਕਰਨ ਉਪਰੰਤ ਆਖ਼ਰ ਵਿਭਾਗ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਮ ਸਭਾ ਦੇ ਅਜਲਾਸ ਕਰਕੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਮਤੇ ਪਾਸ ਕਰਨ ਦੀਆਂ ਹਦਾਇਤਾਂ ਜਾਰੀ ਕਰਨੀਆਂ ਪਈਆਂ।ਜਿਸ ਤਹਿਤ ਅੱਜ ਬੱਖੂਨੰਗਲ ਵਿਖੇ ਮੁੜ ਗ੍ਰਾਮ ਸਭਾ ਦੇ ਹੋਏ ਅਜਲਾਸ ਵਿੱਚ ਲੋੜਵੰਦਾਂ ਨੂੰ ਪਲਾਟ ਦੇਣ ਦਾ ਪਾਸ ਹੋ ਗਿਆ।ਇਸ ਤਰ੍ਹਾਂ ਹੀ ਪਿੰਡ ਬ੍ਰਹਮਪੁਰ ਵਿਖੇ ਵੀ ਪੰਚਾਇਤੀ ਅਜਲਾਸ ਵਿੱਚ ਰਿਹਾਇਸ਼ੀ ਪਲਾਟ ਦੇਣ ਦਾ ਮਤਾ ਕੀਤਾ ਗਿਆ। ਨੇੜਲੇ ਪਿੰਡ ਕਾਲਾਖੇੜਾ ਵਿਖੇ ਜਿੱਥੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਵਿੱਚ ਲੱਗ ਰਹੇ”ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ”ਦੇ ਨਾਅਰੇ ਨੂੰ ਹਕੀਕੀ ਰੂਪ ਦਿੰਦੇ ਹੋਏ ਮਜ਼ਦੂਰਾਂ ਕਿਸਾਨਾਂ ਨੇ ਮਿਲਜੁਲ ਕੇ 43 ਲੋੜਵੰਦ ਪਰਿਵਾਰਾਂ ਪਲਾਟ ਦੇਣ ਦਾ ਮਤਾ ਪਾਸ ਕਰਕੇ ਮਿਸਾਲ ਕਾਇਮ ਕੀਤੀ, ਉੱਥੇ ਪਿੰਡ ਬਿਸਰਾਮਪੁਰ ਵਿਖੇ ਗੁਰੂ ਘਰ ਵਿੱਚ ਰੱਖੇ ਅਜਲਾਸ ਮੌਕੇ ਐੱਸ ਸੀ ਔਰਤਾਂ ਨਾਲ ਗਾਲੀ ਗਲੋਚ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਥਾਨਕ ਆਗੂ ਨਾਲ ਵਧੀਕੀ ਕਰਨ ਦੀ ਖ਼ਬਰ ਮਿਲੀ ਹੈ, ਮੌਕੇ ਉੱਤੇ ਕਰਤਾਰਪੁਰ ਪੁਲਿਸ ਦੇ ਏ.ਐੱਸ.ਆਈ.ਗੁਰਦੀਪ ਸਿੰਘ ਨੇ ਮਾਹੌਲ ਨੂੰ ਸ਼ਾਂਤ ਕੀਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਸੱਤਾ ਉੱਤੇ ਕਾਬਜ਼ ਧਿਰਾਂ ਖ਼ਾਸਕਰ ਆਰ ਐੱਸ ਐੱਸ ਭਾਜਪਾ ਦੀ ਮੋਦੀ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ।ਮੋਦੀ ਸਰਕਾਰ ਇਸ ਏਜੰਡੇ ਨੂੰ ਹਵਾ ਦੇ ਕੇ ਲੋਕ ਵਿਰੋਧੀ ਖੇਤੀ, ਅਨਾਜ ਅਤੇ ਭੋਜਨ ਸੁਰੱਖਿਆ ਵਿਰੋਧੀ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ।ਇਸ ਸਾਜ਼ਿਸ਼ ਤਹਿਤ ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਇਸ ਅੰਦੋਲਨ ਵਿੱਚ ਲੱਗ ਰਹੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਖਿਲਾਫ਼ ਜ਼ਹਿਰ ਘੋਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਦਿਆਂ ਪਿੰਡ ਕਾਲਾਖੇੜਾ ਵਿਖੇ ਮਜ਼ਦੂਰਾਂ ਕਿਸਾਨਾਂ ਨੇ ਮਿਲਜੁਲ ਕੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਮਤਾ ਪਾਸ ਕੀਤਾ, ਉੱਥੇ ਪਿੰਡ ਬਿਸਰਾਮਪੁਰ ਵਿਖੇ ਕੁੱਝ ਲੋਕਾਂ ਸਾਂਝੀਵਾਲਤਾ ਦੇ ਸਥਾਨ ਗੁਰੂ ਘਰ ਵਿੱਚ ਰੱਖੇ ਅਜਲਾਸ ਮੌਕੇ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ ਵਿਰੋਧੀ ਹੋਣ ਦਾ ਰੋਲ ਨਿਭਾਉਂਦੇ ਹੋਏ ਉੱਚ ਜਾਤੀ ਦੇ ਘੁਮੰਡ ਵਿੱਚ ਕੁੱਝ ਲੋਕਾਂ ਨੇ ਐੱਸ ਸੀ ਔਰਤਾਂ ਨੂੰ ਗਾਲੀ ਗਲੋਚ ਕਰਕੇ ਅਤੇ ਮਜ਼ਦੂਰ ਆਗੂ ਨਾਲ ਦੁਰਵਿਵਹਾਰ ਕਰਕੇ ਅਚੇਤ ਸੁਚੇਤ ਰੂਪ ਵਿੱਚ ਆਰ ਐੱਸ ਐੱਸ ਭਾਜਪਾ ਦੇ ਫ਼ਿਰਕੂ ਏਜੰਡੇ ਨੂੰ ਹੀ ਲਾਗੂ ਕੀਤਾ ਹੈ,ਜਿਸਦੀ ਜਿਨੀਂ ਨਿੰਦਾ ਕੀਤੀ ਜਾਵੇ, ਉਨੀਂ ਹੀ ਥੋੜੀ ਹੈ। ਯੂਨੀਅਨ ਵੱਲੋਂ ਵਧੀਕੀ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਯੂਨੀਅਨ ਆਗੂ ਨੇ ਕਿਹਾ ਕਿ ਪੇਂਡੂ ਮਜ਼ਦੂਰ ਆਪਣਾ ਅਧਿਕਾਰ ਮੰਗ ਰਹੇ ਹਨ,ਜਿਸ ਨੂੰ ਉਹ ਪ੍ਰਾਪਤ ਕਰਕੇ ਹੀ ਰਹਿਣਗੇ।
ਇਸ ਮੌਕੇ ਯੂਨੀਅਨ ਵੱਲੋਂ ਬੇਜ਼ਮੀਨੇ ਕਿਰਤੀ ਲੋਕਾਂ ਦੇ ਰਿਹਾਇਸ਼ੀ ਪਲਾਟਾਂ ਦਾ ਹੱਕ ਮਾਰਨ ਵਾਲੀਆਂ ਪੰਚਾਇਤਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
ਅੱਜ ਵੱਖ-ਵੱਖ ਪਿੰਡਾਂ ਵਿੱਚ ਹੋਏ ਅਜਲਾਸ ਮੌਕੇ ਯੂਨੀਅਨ ਦੇ ਆਗੂ ਜਸਵੀਰ ਗੋਰਾ ਬੱਖੂਨੰਗਲ,ਪਰਮਜੀਤ ਮੀਕੋ,ਕੰਚਨ, ਜਰਨੈਲ ਸਿੰਘ, ਕਰਮਜੀਤ ਸਿੰਘ,ਪੰਚਾਇਤ ਵਿਭਾਗ ਵੱਲੋਂ ਜੇਈ ਅਸ਼ਵਨੀ ਗੇਰਾ,ਪੰਚਾਇਤ ਸਕੱਤਰ ਸੁਖਦੇਵ ਅਤੇ ਪਿੰਡਾਂ ਦੇ ਸਰਪੰਚ,ਪੰਚ ਅਤੇ ਕਾਲਾ ਖੇੜਾ ਵਿਖੇ ਪੇਂਡੂ ਮਜ਼ਦੂਰ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਸਥਾਨਕ ਯੂਨੀਅਨ ਅਮਰੀਕ ਸਿੰਘ ਕਾਲਾ ਖੇੜਾ, ਬੀਕੇਯੂ ਕਾਦੀਆਂ ਦੇ ਆਗੂ ਚਰਨਜੀਤ ਸਿੰਘ ਕਾਲਾ ਖੇੜਾ, ਸਰਪੰਚ ਰਾਜਰਾਣੀ,ਪੰਚ ਹਰਬੰਸ ਕੌਰ, ਸੁਰਜੀਤ ਕੌਰ,ਬਿੱਕਰ ਸਿੰਘ,ਜਗਦੇਵ ਸਿੰਘ ਅਤੇ ਸਰਪੰਚ ਪਤੀ ਸਵਰਨ ਦਾਸ ਆਦਿ ਹਾਜ਼ਰ ਸਨ।