ਕਰਤਾਰਪੁਰ,26 ਮਈ ( )- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸਾਂਝੇ ਤੌਰ ਉੱਤੇ ਕਾਲਾ ਦਿਵਸ ਮਨਾਉਂਦੇ ਹੋਏ ਪਿੰਡ ਕੁੱਦੋਵਾਲ, ਧੀਰਪੁਰ, ਦਿਆਲਪੁਰ ਅਤੇ ਕਰਤਾਰਪੁਰ ਦੇ ਡਾਕਟਰ ਬੀ.ਆਰ.ਅੰਬੇਡਕਰ ਚੌਂਕ ਪੁੱਲ ਹੇਠਾਂ ਫਾਸ਼ੀਵਾਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ।ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੇ ਜੋਸ਼ੋ ਖਰੋਸ਼ ਨਾਲ ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਅੰਦੋਲਨ ਦੀਆਂ ਮੰਗਾਂ ਅਨੁਸਾਰ ਲੋਕ ਵਿਰੋਧੀ ਨਵੇਂ ਤਿੰਨੋਂ ਖੇਤੀ ਕਾਨੂੰਨ ਰੱਦਕਰਨ,ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ,ਬਿਜਲੀ ਸੋਧ ਐਕਟ 2020 ਨੂੰ ਖ਼ਤਮ ਕਰਨ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਨ ਦੀ ਮੰਗ ਬੁਲੰਦ ਕੀਤੀ। ਉਨ੍ਹਾਂ ਡੀਜ਼ਲ, ਪੈਟਰੋਲ, ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਬੇਰੋਕ ਵਾਧੇ ਦਾ ਡੱਟ ਕੇ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਇਸ ਵਾਸਤੇ ਜ਼ਿੰਮੇਵਾਰ ਹਨ।ਉਨ੍ਹਾਂ ਹਿਸਾਰ ਵਿਖੇ ਕਿਸਾਨਾਂ ਉੱਤੇ ਜ਼ਬਰ ਲਈ ਹਰਿਆਣਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਹਰ ਜ਼ਬਰ ਜ਼ੁਲਮ ਦੇ ਬਾਵਜੂਦ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰਹੇਗਾ।ਉਨ੍ਹਾਂ ਮੋਦੀ ਸਰਕਾਰ ਵਲੋਂ ਕਰੋਨਾ ਦੀ ਰੋਕਥਾਮ ਤੇ ਇਲਾਜ ਦੇ ਮਾੜੇ ਪ੍ਰਬੰਧ ਨੂੰ ਦੋਸ਼ ਦਿੰਦੇ ਹੋਏ ਕਿਹਾ ਕਿ ਭਾਰੀ ਗਿਣਤੀ ਵਿੱਚ ਹੋਈਆਂ ਮੌਤਾਂ, ਹਸਪਤਾਲਾਂ ਵਿੱਚ ਬੈੱਡ ਦੀ ਘਾਟ, ਆਕਸੀਜਨ ਤੇ ਦਵਾਈਆਂ ਦੀ ਕਾਲਾਬਾਜ਼ਾਰੀ ਇਸ ਦੀ ਵਜਾਹ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤਹਿਤ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਖੇਤੀ ਅਤੇ ਖੇਤੀ ਦੇ ਬਾਜ਼ਾਰ ਵਿੱਚ ਵੀ ਆਪਣਾ ਕਬਜ਼ਾ ਕਰਨਾ ਚਾਹੁੰਦੀਆਂ ਹਨ।ਇਸ ਤਹਿਤ ਹੀ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾਣਗੀਆਂ ਅਤੇ ਕਿਸਾਨਾਂ ਤੋਂ ਸਸਤੇ ਭਾਅ ਫਸਲਾਂ ਖਰੀਦ ਕੇ ਅੱਗੇ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮਹਿੰਗੇ ਭਾਅ ਵੇਚੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾਅਵੇ ਸਿਰਫ ਝੂਠ ਦੇ ਪੁਲੰਦੇ ਹਨ। ਜੇ ਸਰਕਾਰ ਵਾਕਿਆ ਹੀ ਕਿਸਾਨਾਂ ਪ੍ਰਤੀ ਗੰਭੀਰ ਹੁੰਦੀ ਤਾਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਚ ਭੁਗਤਣ ਦੀ ਵਜਾਏ ਕਾਨੂੰਨਾਂ ਨੂੰ ਰੱਦ ਕਰਦੀ। ਸੈਂਕੜੇ ਕਿਸਾਨਾਂ ਦੀਆਂ ਅੰਦੋਲਨ ਦੌਰਾਨ ਮੌਤਾਂ ਨਾ ਹੁੰਦੀਆਂ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿੰਨਾ ਇਨ੍ਹਾਂ ਮੰਗਾਂ ਨੂੰ ਲਟਕਾਇਆ ਜਾਵੇਗਾ ਉਨਾਂ ਹੀ ਮੋਦੀ ਸਰਕਾਰ ਨੂੰ ਸਿਆਸੀ ਖਮਿਆਜ਼ਾ ਭੁਗਤਣਾ ਪਏਗਾ। ਜਿਸ ਦਾ ਅਸਰ ਹੁਣ ਹੋਈਆਂ ਚੋਣਾਂ ਚ ਸਾਫ ਝਲਕਦਾ ਹੈ। ਹੁਣ ਇਹ ਅੰਦੋਲਨ ਭਾਰਤ ਦੇ ਦਰਜਨਾਂ ਰਾਜਾਂ ਚ ਫੈਲ ਚੁੱਕਾ ਹੈ। ਮੋਦੀ ਦੀ ਫਾਸ਼ੀਵਾਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਛੱਡ ਕੇ ਕਾਨੂੰਨ ਰੱਦ ਕਰਨਾ ਹੀ ਉਸਦੇ ਸਿਆਸੀ ਸੰਕਟ ਦਾ ਹੱਲ ਹੋਵੇਗਾ।ਇਸ ਮੌਕੇ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਬਹਾਨੇ ਮੜੀਆਂ ਪਾਬੰਦੀਆਂ ਖ਼ਤਮ ਕਰਨ ਅਤੇ ਪਾਬੰਦੀਆਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਵੀ ਕੀਤੀ ਗਈ।ਇਸ ਮੌਕੇ ਜਥੇਬੰਦੀਆਂ ਦੇ ਆਗੂ ਕਸ਼ਮੀਰ ਸਿੰਘ ਘੁੱਗਸੋ਼ਰ,ਕੇ ਐੱਸ ਅਟਵਾਲ, ਬਲਵਿੰਦਰ ਕੌਰ ਦਿਆਲਪੁਰ,ਗੁਰਪ੍ਰੀਤ ਸਿੰਘ ਚੀਦਾ,ਵੀਰ ਕੁਮਾਰ ਅਤੇ ਵਿਜੈ ਕੁਮਾਰ ਆਦਿ ਨੇ ਸੰਬੋਧਨ ਕੀਤਾ।