ਜਲੰਧਰ 2 ਅਗਸਤ (ਨਿਤਿਨ ਕੌੜਾ )  :ਕਿਰਤੀ ਕਿਸਾਨ ਯੂਨੀਅਨ ਦੇ ਜਨਤਕ ਵਫ਼ਦ ਵਲੋਂ ਭਾਰੀ ਬਾਰਿਸ਼ ਹੋਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਚ ਡੁੱਬਣ ਕਾਰਨ ਪੂਰੀ ਤਰ੍ਹਾਂ ਮਰ ਚੁੱਕੀ ਹੈ ਉਸਦਾ ਮੁਆਵਜ਼ਾ ਲੈਣ ਵਾਸਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ। ਦੂਸਰੇ ਪਾਸੇ ਭਾਰੀ ਬਾਰਿਸ਼ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਖਰਾਬ ਹੋ ਗਈ ਹੈ। ਜਿਸ ਦਾ ਦੁਬਾਰਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਕਿਸਾਨਾਂ ਵੱਲੋਂ ਖੇਤੀ ਦੀ ਵਹਾਈ,ਝੋਨੇ ਦੀ ਲਵਾਈ, ਅਤੇ ਖਾਂਦਾ ਉਪਰ ਹਜ਼ਾਰਾਂ ਰੁਪਏ ਖਰਚ ਹੋ ਚੁੱਕੇ ਹਨ। ਉਪਰੋਂ ਹਜ਼ਾਰਾਂ ਰੁਪਏ ਜ਼ਮੀਨ ਦਾ ਠੇਕਾ ਦਿੱਤਾ ਜਾ ਚੁੱਕਾ ਹੈ। ਬਿਜਲੀ ਦੇ ਕੱਟਾਂ ਕਾਰਨ ਵੀ ਕਿਸਾਨਾਂ ਨੂੰ ਫਸਲ ਪਾਲਣ ਸੈਂਕੜੇ ਲੀਟਰ ਡੀਜ਼ਲ ਆਪਣੀ ਜੇਬ ਚੋਂ ਫੂਕਣਾ ਪਿਆ ਹੈ। ਇਹ ਸਰਕਾਰ ਦੀ ਨਲਾਇਕੀ ਦਾ ਵੀ ਸਿੱਟਾ ਹੈ ਕਿਉਂਕਿ ਮੀਂਹ ਦੇ ਵਾਧੂ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਡਰੇਨਜ ਨੂੰ ਮੋਨਸੂਨ ਮੌਸਮ ਤੋਂ ਪਹਿਲਾਂ ਸਾਫ ਨਹੀਂ ਕੀਤਾ ਗਿਆ। ਜਿਸ ਕਾਰਨ ਖੇਤਾਂ ਚ ਪਾਣੀ ਭਰ‌ ਗਿਆ।
ਇਸ ਮੌਕੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਨੇ ਦੱਸਿਆ ਕਿ ਇਹ ਸਮੱਸਿਆਵਾਂ ਜ਼ਿਲੇ ਦੇ ਤਲਵਣ ਅਤੇ ਮਹਿਤਪੁਰ ਇਲਾਕੇ ਚ ਆਈ ਹੈ। ਦੋ ਸਾਲ ਪਹਿਲਾਂ ਸੈਂਕੜੇ ਏਕੜ ਕਣਕ ਦੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਸੀ। ਸਰਕਾਰ ਦੁਆਰਾ ਉਸਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਯੂਨੀਅਨ ਮੰਗ ਕਰਦੀ ਹੈ ਕਿ ਝੋਨੇ ਦੈ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ,ਸੜੀ ਹੋਈ ਕਣਕ ਦੀ ਫ਼ਸਲ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਤਰਪਰੀਤ ਸਿੰਘ ਉੱਪਲ,ਰਤਨ ਸਿੰਘ,ਜੱਸਾ ਸਿੰਘ,ਲੱਕੀ ਉਧੋਵਾਲ ਆਦਿ ਹਾਜ਼ਰ ਸਨ