ਅੰਮ੍ਰਿਤਸਰ,24 ਸਤੰਬਰ ( )- ਜਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਕਾਰਨ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 30ਵੇਂ ਦਿਨ ਮਜੀਠਾ – 1 ਅਤੇ ਮਜੀਠਾ – 2 ਦੇ ਈ.ਟੀ.ਯੂ. ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਬੰਧਤ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।ਇਸ ਦੌਰਾਨ ਈ.ਟੀ.ਯੂ.ਆਗੂ ਸੁਧੀਰ ਢੰਡ,ਗੁਰਪ੍ਰੀਤ ਸਿੰਘ ਥਿੰਦ, ਰਾਜਬੀਰ ਸਿੰਘ ਵੇਰਕਾ,ਕੰਵਲਜੀਤ ਸਿੰਘ ਥਿੰਦ,ਗੁਰਲਾਲ ਸਿੰਘ ਸੋਹੀ ਨੇ ਸੰਬੋਧਨ ਕਰਦਿਆਂ ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪਿਛਲੇ ਦਿਨੀਂ ਜਥੇਬੰਦੀ ਨਾਲ ਕੀਤੀ ਗਈ ਮੀਟਿੰਗ ਦੌਰਾਨ ਸੋਮਵਾਰ ਤੱਕ ਸਾਰਾ ਰਿਕਾਰਡ ਮੁਕੰਮਲ ਕਰਕੇ ਭਲਾਈ ਵਿਭਾਗ ਨੂੰ ਸੌਂਪਣ ਦੇ ਵਾਅਦੇ ਤੋ ਮੁਕਰਨ ਅਤੇ ਪ੍ਰਮੋਸ਼ਨਾ ਕਰਨ ਲਈ ਵਰਤੀ ਜਾ ਰਹੀ ਢਿੱਲ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਸਿੱਖਿਆ ਦਫਤਰ ਵਲੋਂ ਕੱਲ੍ਹ ਭਲਾਈ ਵਿਭਾਗ ਨੂੰ ਸਾਰਾ ਮੁਕੰਮਲ ਰਿਕਾਰਡ ਜਮ੍ਹਾਂ ਨਾ ਕਰਾਇਆ ਗਿਆ ਤਾਂ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅਧਿਆਪਕਾਂ ਦੇ ਤਕੜੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਅਧਿਆਪਕ ਆਗੂਆਂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਵਲੋਂ ਵਰਤੀ ਜਾ ਰਹੀ ਬਹੁਤ ਵੱਡੀ ਢਿੱਲ ਦੇ ਖਿਲਾਫ ਕੱਲ੍ਹ ਸ਼ੁਕਰਵਾਰ ਨੂੰ ਜੋ ਘਿਰਾਓ ਦਾ ਪ੍ਰੋਗਰਾਮ ਰੱਖਿਆ ਸੀ,ਉਹ ਪ੍ਰੋਗਰਾਮ ਕਿਸਾਨ ਜੱਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਮੱਰਥਨ ਦਿੰਦਿਆਂ ਮੁਲਤਵੀ ਕੀਤਾ ਗਿਆ ਹੈ ਅਤੇ ਕੱਲ੍ਹ ਹੋਣ ਵਾਲੀ ਭੁੱਖ ਹੜਤਾਲ ਵੀ ਸਿਰਫ ਇੱਕ ਦਿਨ ਲਈ ਮੁਲਤਵੀ ਕੀਤੀ ਗਈ ਹੈ ।ਇਸ ਦੇ ਨਾਲ ਹੀ ਜਥੇਬੰਦੀ ਨੇ ਅਗਲੇਰੀ ਰਣਨੀਤੀ ਲਈ ਮੰਗਲਵਾਰ ਨੂੰ ਜਿਲ੍ਹਾ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਵੀ ਬੁਲਾ ਲਈ ਹੈ। ਉਨ੍ਹਾਂ ਮੁੜ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਤੱਕ ਸਾਰਾ ਰਿਕਾਰਡ ਭਲਾਈ ਦਫ਼ਤਰ ਜਮ੍ਹਾਂ ਨਾ ਕਰਵਾਇਆ ਗਿਆ ਤਾਂ ਅਗਲੇ ਹਫਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅਧਿਆਪਕਾਂ ਦੇ ਤਕੜੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਅੱਜ ਦੀ ਭੁੱਖ ਹੜਤਾਲ ‘ਚ ਗੁਰਪ੍ਰੀਤ ਸਿੰਘ ਥਿੰਦ,ਰਾਜਬੀਰ ਸਿੰਘ ਵੇਰਕਾ, ਪਰਮਬੀਰ ਸਿੰਘ ਵੇਰਕਾ, ਕੰਵਲਜੀਤ ਸਿੰਘ ਥਿੰਦ, ਸੁਖਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ ਨਾਗ ਕਲਾਂ, ਗੁਰਮੀਤ ਸਿੰਘ ਨਾਗ ਕਲਾਂ, ਕ੍ਰਿਪਾਲ ਸਿੰਘ ਮਜੀਠਾ, ਜਤਿੰਦਰ ਸਿੰਘ ਵੇਰਕਾ, ਗੁਰਦਰਸ਼ਨ ਸਿੰਘ, ਕਰਮਜੀਤ ਸਿੰਘ, ਰਾਜੀਵ ਕੁਮਾਰ ਨੇ ਭੁੱਖ ਹੜਤਾਲ ਰੱਖ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਾਅਰੇਬਾਜ਼ੀ ਕੀਤੀ ।