ਫਗਵਾੜਾ 2 ਅਗਸਤ (ਸ਼ਿਵ ਕੋੜਾ) ਆਲ ਇੰਡੀਆ ਸੈਣੀ ਸਭਾ ਪੰਜਾਬ ਦੇ ਪ੍ਰਧਾਨ ਗਿ. ਭਗਤ ਸਿੰਘ ਭੁੰਗਰਨੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਾਸ ਪਛੜੀਆਂ ਸ੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਹੋਰ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਕੋਈ ਯੋਗ ਭਲਾਈ ਨੀਤੀ ਨਹੀਂ ਹੈ। ਜਿਸ ਕਰਕੇ ਇਹਨਾਂ ਵਰਗਾਂ ਦੇ ਲੋਕ ਤਰੱਕੀ ਤੋਂ ਵਾਂਝੇ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਇਹਨਾਂ ਦੇ ਰਾਖਵੇਂਕਰਨ ਦਾ ਕੋਟਾ ਵਧਾ ਕੇ ਪੰਜਾਹ ਫੀਸਦੀ ਕੀਤਾ ਜਾਵੇ ਕਿਉਂਕਿ 27 ਪ੍ਰਤੀਸ਼ਤ ਕੋਟਾ ਰਾਖਵੇਂਕਰਨ ਦੇ ਹਿਸਾਬ ਨਾਲ ਬਹੁਤ ਥੋੜਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਕੁੱਲ ਅਬਾਦੀ ਦੇ 80% ਲੋਕ ਰਾਖਵੀਂਆਂ ਸ੍ਰੇਣੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਵਤੀਤ ਕਰ ਰਹੇ ਹਨ ਇਸ ਲਈ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਰਾਖਵੇਂਕਰਨ ਦਾ ਕੋਟਾ ਵਧਾ ਕੇ ਪੰਜਾਹ ਫੀਸਦੀ ਕਰਨਾ ਸਮੇਂ ਦੀ ਮੰਗ ਹੈ ਉੱਥੇ ਹੀ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਪਾਸ ਕਾਰਗਰ ਨੀਤੀਆਂ ਹੋਣੀਆਂ ਵੀ ਜਰੂਰੀ ਹਨ ਤੇ ਹਰ ਨੀਤੀ ਨੂੰ ਇਮਾਨਦਾਰੀ ਨਾਲ ਲਾਗੂ ਕਰਨਾ ਸਰਕਾਰਾਂ ਦਾ ਫਰਜ਼ ਹੈ।