ਜਲੰਧਰ : ਆਲ ਇੰਡੀਆ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਸੱਦੇ ਤੇ ਅੱਜ ਜਲੰਧਰ ਵਿਖੇ ਸੈਂਕੜੇ
ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਰੋਹ ਭਰਿਆ ਪ੍ਰਦਰਸ਼ਨ ਅਤੇ ਰੈਲੀ ਕੀਤੀ ਅਤੇ ਪੰਜਾਬ ਦੇ
ਮੁੱਖ ਮੰਤਰੀ ਨੂੰ ਭੇਜਣ ਵਾਸਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀ
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਮੀਤ ਪ੍ਰਧਾਨ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਪੰਜਾਬ ਕਿਸਾਨ
ਸਭਾ ਦਾ ਕਿਸਾਨੀ ਮੰਗਾਂ ਲਈ ਸੰਘਰਸ਼ ਕਰਨ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਅੱਜ ਦੇ
ਚੁਨੌਤੀਆਂ ਭਰੇ ਦੌਰ ਵਿੱਚ ਕਿਸਾਨ ਸਭਾ ਆਪਣੇ ਇਸ ਵਿਰਸੇ ਨੂੰ ਹੋਰ ਅੱਗੇ ਵਧਾਏਗੀ। ਕਾਮਰੇਡ ਤੱਗੜ ਨੇ ਮੰਗ ਕੀਤੀ
ਕਿ ਕਰਜ਼ਾ ਮੋੜਨ ਤੋਂ ਅਸਮੱਰਥ ਸਾਰੇ ਕਿਸਾਨਾਂ ਦੇ ਹਰ ਪ੍ਰਕਾਰ ਦੇ ਕਰਜ਼ੇ ਖ਼ਤਮ ਕੀਤੇ ਜਾਣ , ਸਾਰੀਆਂ ਕਿਸਾਨੀ
ਜਿਣਸਾਂ ਦੇ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਲਾਹੇਵੰਦ ਭਾਅ ਦਿੱਤੇ ਜਾਣ , ਸਰਕਾਰੀ ਖ਼ਰੀਦ
ਯਕੀਨੀ ਬਣਾਈ ਜਾਵੇ , ਹੜ ਨਾਲ ਹੋਏ ਨੁਕਸਾਨ ਦਾ 35 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ
, ਜਾਨੀ ਨੁਕਸਾਨ ਲਈ 10 ਲੱਖ ਰੁਪਏ ਅਤੇ ਹੋਰ ਨੁਕਸਾਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ , ਧੁੱਸੀ ਬੰਦੇ ਮੁੱਢੋਂ
ਰੇਤ ਦੀ ਮਾਈਨਿੰਗ ਕਰਨ ਤੇ ਪਾਬੰਦੀ ਲਾਈ ਜਾਵੇ ਅਤੇ 2007 ਦੀ ਪਾਲਿਸੀ ਅਧੀਨ ਅਬਾਦਕਾਰਾਂ ਨੂੰ ਮਾਲਕੀ ਹੱਕ
ਦੇਣ ਲਈ ਹੋਈਆਂ ਰਜਿਸਟਰੀਆਂ ਨੂੰ ਰੱਦ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ। ਹਰ ਪ੍ਰਕਾਰ ਦੇ ਅਬਾਦਕਾਰਾਂ ਨੂੰ
ਮਾਲਕੀ ਹੱਕ ਪਰਦਾਨ ਕੀਤੇ ਜਾਣ। ਇਸ ਮੌਕੇ ਤੇ ਪੰਜਾਬ ਦੇ ਜੁਆਇੰਟ ਸਕੱਤਰ ਕਾਮਰੇਡ ਸੁਖਪਰੀਤ ਸਿੰਘ ਜੌਹਲ ,
ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਬਾਸੀ , ਸੂਬਾ ਵਰਕਿੰਗ ਕਮੇਟੀ ਮੈਂਬਰ ਬਚਿੱਤਰ ਸਿੰਘ ਤੱਗੜ , ਗੁਰਪਰਮਜੀਤ ਕੌਰ
ਤੱਗੜ , ਪਿਆਰਾ ਸਿੰਘ ਲਸਾੜਾ , ਵਰਿੰਦਰਪਾਲ ਸਿੰਘ ਕਾਲਾ , ਮੇਹਰ ਸਿੰਘ ਖੁਰਲਾਪੁਰ , ਖੇਤ ਮਜ਼ਦੂਰ ਯੂਨੀਅਨ
ਵਲੋਂ ਮਾਸਟਰ ਪ੍ਰਸ਼ੋਤਮ ਬਿਲਗਾ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਜਿਨਾਂ ਨੇ ਮੰਗ ਕੀਤੀ ਕਿ ਅਵਾਰਾ
ਪਸ਼ੂਆਂ , ਜੰਗਲੀ ਜਾਨਵਰਾਂ ਅਤੇ ਅਵਾਰਾ ਕੁੱਤਿਆਂ ਦੀ ਗੰਭੀਰ ਹੋ ਚੁੱਕੀ ਸਮੱਸਿਆ ਦਾ ਰੱਖਾਂ ਬਣਾਕੇ ਪ੍ਰਬੰਧ ਕੀਤਾ
ਜਾਵੇ , ਬਿਜਲੀ ਬਿੱਲਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ , ਨਸ਼ਿਆਂ ਦੇ ਧੰਦੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ ,
ਗੰਨਾਂ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਤੁਰੰਤ ਵਿਆਜ ਸਮੇਤ ਅਦਾ ਕੀਤਾ ਜਾਵੇ , ਰਾਜੀਵ ਲੌਂਗੋਵਾਲ
ਸਮਝੌਤੇ ਅਨੁਸਾਰ ਪੰਜਾਬ ਨੂੰ ਮਿਲਦਾ ਪਾਣੀ ਹਰ ਹਾਲਤ ਵਿੱਚ ਜਾਰੀ ਰੱਖਿਆ ਜਾਵੇ ।