ਜਲੰਧਰ, 5 ਦਸੰਬਰ, ( )—ਪ੍ਰਸਿੱਧ ਪੱਤਰਕਾਰ, ਸਾਹਿਤ ਪ੍ਰੇਮੀ ਅਤੇ ‘ਜਨਤਾ ਸੰਸਾਰ’ ਮੈਗਜ਼ੀਨ ਦੇ ਫਾਊਂਡਰ ਐਡੀਟਰ ਕੇਵਲ ਵਿੱਗ ਦੀ 28ਵੀਂ ਬਰਸੀ ਦੇ ਮੌਕੇ ‘ਤੇ ਸਾਹਿਤਕ-ਸੰਗੀਤਕ ਪ੍ਰੋਗਰਾਮ ਵਿਰਸਾ ਵਿਹਾਰ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਸ਼ਮ•ਾਂ ਰੌਸ਼ਨ ਕਰਕੇ ਕੀਤਾ ਗਿਆ। ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਕਰਨ ਵਾਲਿਆਂ ਵਿਚ ਪ੍ਰਮੁੱਖ ਤੌਰ ‘ਤੇ ਗਾਇਕ ਤੇਜੀ ਸੰਧੂ, ਦਲਵਿੰਦਰ ਦਿਆਲਪੁਰੀ, ਸੁਰਿੰਦਰ ਗੁਲਸ਼ਨ, ਸਚਿਨ ਬੱਤਰਾ, ਬਲਵਿੰਦਰ ਦਿਲਦਾਰ, ਰਣਜੀਤ ਸਿੰਘ, ਜਗਦੀਸ਼ ਕਟਾਰੀਆ ਆਦਿ ਸ਼ਾਮਿਲ ਸਨ। ਕਾਮੇਡੀਅਨ ਡਿਪਟੀ ਰਾਜਾ ਨੇ ਕੋਰੋਨਾ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਕਟਾਕਸ਼ ਕੀਤੇ। ਕੇਵਲ ਵਿੱਗ ਫਾਊਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ, ਜਿਹਨਾਂ ਦੀ ਦੇਖਰੇਖ ‘ਚ ਪ੍ਰੋਗਰਾਮ ਹੋਇਆ, ਨੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ‘ਚ ਪੁੱਜੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਰੁਣ ਸੈਣੀ ਨੇ ਸ ਕੇਵਲ ਵਿੱਗ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਵਿੱਗ ਨੇ ਸਮਾਜ ਨੂੰ ਆਪਣੀ ਕਲਮ ਰਾਹੀਂ ਸਹੀ ਸੇਧ ਅਤੇ ਸੋਚ ਪ੍ਰਦਾਨ ਕੀਤੀ। ਪੰਜਾਬ ਦੇ ਰਫ਼ੀ ਨਾਂਅ ਨਾਲ ਜਾਣੇ ਜਾਂਦੇ ਰਸ਼ਪਾਲ ਸਿੰਘ ਪਾਲ ਨੇ ਕਿਹਾ ਕੇਵਲ ਵਿੱਗ ਦੀ ਪੱਤਰਕਾਰਿਤਾ ਖੇਤਰ ਵਿਚ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਸਨ।ਸਾਬਕਾ ਅੰਬੈਸਡਰ ਰਮੇਸ਼ ਚੰਦਰ, ਜੋ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਵਿੱਗ ਆਪਣੇ ਆਪ ਵਿਚ ਇਕ ਸੰਸਥਾ ਸਨ, ਉਹ ਪ੍ਰਮੁੱਖ ਪੱਤਰਕਾਰ ਦੇ ਨਾਲ-ਨਾਲ ਇਕ ਉੱਘੇ ਸਮਾਜ ਸੇਵਕ ਵੀ ਸਨ। ਕਾਂਗਰਸੀ ਆਗੂ ਸ਼ਿਵਕੰਵਰ ਸਿੰਘ ਸੰਧੂ ਨੇ ਕੇਵਲ ਵਿੱਗ ਨੂੰ ਇਕ ਦੂਰ ਅੰਦੇਸ਼ ਪੱਤਰਕਾਰ ਦੱਸਦਿਆਂ ਕਿਹਾ ਕਿ ਦੁਆਬੇ ਨੇ ਬਹੁਤ ਹੀ ਮਹਾਨ ਪੱਤਰਕਾਰ ਦਿੱਤੇ ਹਨ, ਉਹਨਾਂ ਵਿਚੋਂ ਕੇਵਲ ਵਿੱਗ ਪ੍ਰਮੁੱਖ ਸਨ। ਉਹਨਾਂ ਨੇ ਕਿਹਾ ਕਿ ਭਾਵੇਂ ਇਸ ਵਾਰ ਐਵਾਰਡ ਸਮਾਗਮ ਨਹੀਂ ਕੀਤਾ ਫਿਰ ਵੀ ਭਰਵੀਂ ਹਾਜ਼ਿਰੀ ਦਾ ਇਕੱਠ ਸਾਬਿਤ ਕਰਦਾ ਹੈ ਕਿ ਇਹ ਸਮਾਗਮ ਸ਼ਹਿਰਵਾਸੀਆਂ ਲਈ ਅਹਿਮ ਹੈ। ਪ੍ਰੋ. ਸਰਿਤਾ ਤਿਵਾੜੀ ਨੇ ਕੇਵਲ ਵਿੱਗ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਨੂੰ ਇਕ ਮਹਾਨ ਪੱਤਰਕਾਰ ਦੱਸਦਿਆਂ ਕਿਹਾ ਕਿ ਜਿਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ, ਉਹ ਸ਼ਖ਼ਸੀਅਤਾਂ ਅਹਿਮ ਹੁੰਦੀਆਂ ਹਨ। ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਓਮ ਪ੍ਰਕਾਸ਼ ਖੇਮਕਰਨੀ ਨੇ ਧੰਨਵਾਦ ਕਰਦਿਆਂ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਗਗਨਦੀਪ ਸੋਂਧੀ ਨੇ ਸਾਹਿਤਕ ਅੰਦਾਜ਼ ਵਿਚ ਕੀਤਾ।