ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਦੁਆਰਾ ਫੈਸ਼ਨ ਰਚਨਾ ਅਤੇ ਖ਼ਪਤ ਦੀਆਂ ਟਿਕਾਊ ਤਕਨੀਕਾਂ ਬਾਰੇ ਵਿਦਿਆਰਥਣਾਂ ਨੂੰ ਪਾਠਕ੍ਰਮ ਵਿੱਚ ਪਡ਼੍ਹਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਲਿਆ ਗਿਆ ਹੈ। ਇਸ ਦੇ ਤਹਿਤ ਹਾਲ ਹੀ ਵਿੱਚ ਵਿਭਾਗ ਦੀਆਂ ਵਿਦਿਆਰਥਣਾਂ ਨੇ ਰੱਦ ਕੀਤੇ ਹੋਏ ਕੱਪੜਿਆਂ ਤੋਂ ਇਨੋਵੇਟਿਵ ਪੁਸ਼ਾਕਾਂ ਅਤੇ ਟਾਪ ਤਿਆਰ ਕਰਕੇ ਭਰਪੂਰ ਸ਼ਲਾਘਾ ਹਾਸਿਲ ਕਰਦੇ ਹੋਏ ਆਪਣੀਆਂ ਸਿਰਜਣਾਤਮਕ ਅਤੇ ਕਲਾਤਮਕ ਰੁਚੀਆਂ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਇਹ ਉਪਰਾਲਾ ਵਿਦਿਆਰਥਣਾਂ ਨੂੰ ਆਉਣ ਵਾਲੇ ਸਮੇਂ ਵਿੱਚ ਫੈਸ਼ਨ ਇੰਡਸਟਰੀ ਦੀਆਂ ਜ਼ਰੂਰਤਾਂ ਅਤੇ ਮਹੱਤਵ ਨੂੰ ਸਮਝਾਉਣ ਵਿਚ ਸਹਾਇਕ ਹੋਣ ਦੇ ਨਾਲ-ਨਾਲ ਇਸ ਖੇਤਰ ਵਿੱਚ ਆਪਣਾ ਕਰੀਅਰ ਸਥਾਪਿਤ ਕਰਨ ਅਤੇ ਉਦੇਸ਼ਾਂ ਦੀ ਪੂਰਤੀ ਦੀਆਂ ਸੰਭਾਵਨਾਵਾਂ ਜਿੱਥੇ ਟਿਕਾਊ ਫੈਸ਼ਨ ਆਧਾਰ ਹੈ ਵਿਚ ਵਾਧੇ ਬਾਰੇ ਵੀ ਦੱਸਦਾ ਹੈ। ਵਰਨਣਯੋਗ ਹੈ ਕਿ ਵਿਦਿਆਲਾ ਨੂੰ ਪ੍ਰਾਪਤ ਆਟੋਨਾਮਸ ਦਰਜੇ ਦੇ ਅੰਤਰਗਤ ਸਿਲੇਬਸ ਨੂੰ ਅਪਗ੍ਰੇਡ ਕਰਦਿਆਂ ਹੋਇਆਂ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੁਆਰਾ ਬੀ. ਐੱਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਪੰਜਵਾਂ ਵਿਚ ਬੇਸਿਕਸ ਆਫ ਸਸਟੇਨਬਿਲਟੀ ਅਤੇ ਐੱਮ.ਐੱਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਦੂਸਰਾ ਵਿੱਚ ਸਸਟੇਨੇਬਲ ਫੈਸ਼ਨ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਉਂਦੇ ਹੋਏ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਜੈਕਟ ਤੇ ਕੰਮ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਵਿੱਚ ਟਿਕਾਊ ਫੈਸ਼ਨ ਪ੍ਰਤੀ ਸੂਝ-ਬੂਝ ਨੂੰ ਨਿਖਾਰਿਆ ਜਾ ਸਕੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੇ ਇਸ ਉਪਰਾਲੇ ਤੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੁਆਰਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।