ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਸਾਇਕੋਲੌਜੀ ਦੁਆਰਾ ਵਿਸ਼ਵ ਮੈਂਟਲ ਹੈਲਥ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਰੈਜ਼ੀਲਿਅੰਸ-ਦੀ ਆਰਮਰ ਫੌਰ ਇਮੋਸ਼ਨਲ ਵੈੱਲਬੀਇੰਗ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਡਾ. ਸ਼ਿਲਪਾ ਸੂਰੀ, ਕੰਸਲਟੈਂਟ ਸਾਈਕੋਲੌਜਿਸਟ ਅਤੇ ਟਰੇਨਰ, ਪਲੈਨੇਟ ਸਾਈਕੋਲੌਜੀ, ਚੰਡੀਗੜ੍ਹ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। 60 ਤੋਂ ਵੀ ਵੱਧ ਪ੍ਰਤੀਭਾਗੀਆਂ ਦੀ ਸ਼ਮੂਲੀਅਤ ਵਾਲੇ ਇਸ ਵੈਬੀਨਾਰ ਦੇ ਵਿਚ ਡਾ. ਸ਼ਿਲਪਾ ਨੇ ਸੰਬੋਧਿਤ ਹੁੰਦੇ ਹੋਏ ਵਿਸ਼ੇ ਨੂੰ ਵਿਸਥਾਰ ਸਹਿਤ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਲਚਕਤਾ ਦੇ ਵੱਖ-ਵੱਖ ਪਹਿਲੂਆਂ ‘ਤੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥਣਾਂ ਨਾਲ ਜੀਵਨ ਵਿੱਚ ਲਚਕੀਲਾ ਬਣਨ ਦੇ ਲਾਭ ਅਤੇ ਨੁਕਤੇ ਸਾਂਝੇ ਕੀਤੇ ਤਾਂ ਜੋ ਆਪਣੀਆਂ ਸ਼ਕਤੀਆਂ ਅਤੇ ਸਮਰੱਥਾਵਾਂ ਨੂੰ ਪਛਾਣਦੇ ਹੋਏ ਜ਼ਿੰਦਗੀ ਦੀਆਂ ਤੰਗੀਆਂ ਅਤੇ ਚੁਣੌਤੀਆਂ ਨੂੰ ਸਾਰਥਕਤਾ ਨਾਲ ਪਾਰ ਕਰਨ ਦਾ ਉਤਸ਼ਾਹ ਜੁਟਾਇਆ ਜਾ ਸਕੇ ਅਤੇ ਨਾਲ ਹੀ ਸਰੀਰਕ, ਮਾਨਸਿਕ ਅਤੇ ਸਮਾਜਿਕ ਕਲਿਆਣ ਦਾ ਵੀ ਸਾਥ ਹਾਸਿਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵੈਬੀਨਾਰ ਦੌਰਾਨ ਪ੍ਰਤੀਭਾਗੀਆਂ ਦੁਆਰਾ ਪੁੱਛੇ ਗਏ ਵਿਭਿੰਨ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਵੱਲੋਂ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਇਸਦੇ ਨਾਲ ਹੀ ਸਬੰਧਿਤ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਵਿਦਿਆਰਥਣਾਂ ਨੇ ਖੂਬਸੂਰਤ ਪੋਸਟਰ ਬਣਾ ਕੇ ਆਪਣੀ ਕਲਾ ਦਾ ਵੀ ਬਾਖੂਬੀ ਪ੍ਰਦਰਸ਼ਨ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਸ਼ਿਲਪਾ ਦੁਆਰਾ ਵਿਦਿਆਰਥਣਾਂ ਨੂੰ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ‘ਤੇ ਧੰਨਵਾਦ ਵਿਅਕਤ ਕਰਦੇ ਹੋਏ ਮਾਨਸਿਕ ਸਿਹਤ ਦੀ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਮਹੱਤਤਾ ਨੂੰ ਬਿਆਨਿਆ ਅਤੇ ਕਿਹਾ ਕਿ ਵਿਅਕਤੀ ਦੇ ਸਮੁੱਚੇ ਕਲਿਆਣ ਵਿਚ ਮਾਨਸਿਕ ਸਿਹਤ ਸਰੀਰਕ ਸਿਹਤਯਾਬੀ ਦੀ ਤਰ੍ਹਾਂ ਹੀ ਜ਼ਰੂਰੀ ਹੈ। ਇਸ ਦਿਨ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਪ੍ਰਤਿਮਾ, ਡਾ. ਸ਼ਰਨਜੀਤ ਅਤੇ ਸਮੂਹ ਸਾਇਕੋਲੌਜੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।