ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ,ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ਼ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ
ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਦਿਆਰਥਣਾਂ ਨੂੰ
ਉਚਿਤ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਲਗਾਤਾਰ ਯਤਨਸ਼ੀਲ ਹੈ। ਕੇ.ਐਮ. ਵੀ. ਦੀ ਵਿਸ਼ਵ ਪੱਧਰੀ
ਲਾਇਬ੍ਰੇਰੀ ਇਸ ਦਿਸ਼ਾ ਵਿੱਚ ਇੱਕ ਚਾਨਣ ਮੁਨਾਰੇ ਵਾਂਗ ਹੈ ਜੋ ਵਿਦਿਆਰਥਣਾਂ ਦੀ ਚੰਗੀ ਸਿੱਖਿਆ ਪ੍ਰਾਪਤੀ ਦੇ ਸੁਪਨੇ ਨੂੰ ਪੂਰਾ ਕਰਨ
ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ
ਨੇ ਦੱਸਿਆ ਕਿ ਆਪਣੀਆਂ ਵਿਦਿਆਰਥਣਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਕੇ ਵਿਸ਼ਵ ਪੱਧਰੀ ਨਾਗਰਿਕ ਤਿਆਰ ਕਰਨ
ਵਾਲੀ ਸੰਸਥਾ ਕੇ. ਐਮ. ਵੀ. ਦੁਆਰਾ ਵਿਦਿਆਰਥਣਾਂ ਦੀ ਨਿਰਵਿਘਨ ਪੜ੍ਹਾਈ ਨੂੰ ਯਕੀਨੀ ਬਣਾ ਕੇ ਵਿਸ਼ਵ ਪੱਧਰੀ ਗਿਆਨ
ਮੁਹੱਈਆ ਕਰਵਾਉਣ ਦੇ ਲਈ ਸਦਾ ਵਿਸ਼ੇਸ਼ ਉੱਦਮ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਕੇ. ਐੱਮ. ਵੀ. ਦੀ ਲਾਇਬ੍ਰੇਰੀ ਦੁਆਰਾ ਖਾਸ ਰੋਲ
ਅਦਾ ਕੀਤਾ ਜਾ ਰਿਹਾ ਹੈ । ਇੱਕ ਲੱਖ ਤੋਂ ਵੀ ਵੱਧ ਪੁਸਤਕਾਂ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਕੇ. ਐੱਮ.ਵੀ. ਦੀ
ਲਾਇਬ੍ਰੇਰੀ ਵਿਦਿਆਰਥਣਾਂ ਨੂੰ ਹਰ ਡਿਜੀਟਲ ਸਹਾਇਤਾ ਪ੍ਰਦਾਨ ਕਰ ਰਹੀ ਹੈ । 100 ਤੋਂ ਵੱਧ ਜਰਨਲਜ਼,50 ਤੋਂ ਵੱਧ ਮੈਗਜ਼ੀਨ,
ਤਕਰੀਬਨ 6200 ਈ-ਜਨਰਲਜ਼ ਆਦਿ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ-ਨਾਲ ਦੇਸ਼ ਵਿਦੇਸ਼ ਦਾ ਗਿਆਨ ਪ੍ਰਦਾਨ ਕਰਦੇ ਹੋਏ
ਉਨ੍ਹਾਂ ਦੀ ਜਾਣਕਾਰੀ ਦੇ ਘੇਰੇ ਨੂੰ ਹੋਰ ਅਧਿਕ ਵਿਸ਼ਾਲ ਕਰਨ ਵਿਚ ਸਹਾਈ ਹਨ। ਅਗਾਂਹ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ
ਆਨਲਾਈਨ ਐਕਸੈੱਸ ਕੈਟਾਲਾਗ ਦੀ ਮਦਦ ਨਾਲ ਵਿਦਿਆਰਥਣਾਂ ਲਾਇਬ੍ਰੇਰੀ ਵਿੱਚ ਉਪਲੱਬਧ ਪੁਸਤਕਾਂ ਦੀ ਜਾਣਕਾਰੀ ਪ੍ਰਾਪਤ
ਕਰਦੇ ਹੋਏ ਆਪਣੀ ਜ਼ਰੂਰਤ ਅਨੁਸਾਰ ਆਪਣੀ ਪੜ੍ਹਾਈ ਸਬੰਧੀ ਸਮੱਗਰੀ ਹਾਸਿਲ ਕਰ ਸਕਦੀਆਂ ਹਨ। ਇੱਥੇ ਹੀ ਬੱਸ ਨਹੀਂ
ਲਾਇਬ੍ਰੇਰੀ ਵਿੱਚ ਮੌਜੂਦ ਐੱਨ-ਲਿਸਟ, ਡੈੱਲਨੈੱਟ, ਐਨ.ਡੀ.ਐੱਲ. ਆਈ. ਅਤੇ ਐੱਮ. ਐੱਚ. ਆਰ. ਡੀ. ਵੱਲੋਂ ਪ੍ਰਭਾਸ਼ਿਤ ਬਹੁਤ ਸਾਰੇ
ਵੈਬ ਪੋਰਟਲਜ਼ ਜਿਹੇ ਆਨਲਾਈਨ ਸਰੋਤ ਵਿਦਿਆਲਾ ਦੀ ਵੈੱਬਸਾਈਟ ਤੇ ਵੀ ਉਪਲੱਬਧ ਹਨ। ਇਨ੍ਹਾਂ ਸਭ ਦੇ ਨਾਲ ਨਾਲ
ਕੇ.ਐਮ.ਵੀ. ਦੀ ਲਾਇਬ੍ਰੇਰੀ ਦੁਆਰਾ ਹਰੇਕ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਆਨਲਾਈਨ ਰਿਸੋਰਸਿਜ਼ ਤੇ ਰਜਿਸਟਰ ਵੀ
ਕੀਤਾ ਗਿਆ ਹੈ। ਅੰਤ ਵਿੱਚ ਉਨ੍ਹਾਂ ਨੇ ਸ੍ਰੀਮਤੀ ਹੇਮਾ, ਲਾਇਬ੍ਰੇਰੀਅਨ ਅਤੇ ਸਮੂਹ ਲਾਇਬ੍ਰੇਰੀ ਸਟਾਫ਼ ਵੱਲੋਂ ਕੀਤੇ ਜਾਂਦੇ ਯਤਨਾਂ ਲਈ
ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ।