ਫਗਵਾੜਾ 24 ਅਕਤੂਬਰ (ਸ਼ਿਵ ਕੋੜਾ) ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਨ ਲਾਈਨ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ। ਜਿਸ ਵਿਚ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਸੱਦੇ ‘ਤੇ ਜ਼ਿਲਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਵੀਡੀਓ ਕਾਨਫ੍ਰੰਸ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੋਂ ਇਲਾਵਾ ਸਹਾਇਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਏ। ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦਾ ਮਕਸਦ ਸ਼ਹਿਰੀ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਣਾ ਹੈ ਜਿਸਦੇ ਦੂਸਰੇ ਪੜਾਅ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 700 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਵਰਚੁਅਲ ਢੰਗ ਨਾਲ ਨੀਂਹ ਪੱਥਰ ਰੱਖ ਕੇ ਗਿਆਰਾਂ ਹਜਾਰ ਕਰੋੜ ਰੁਪਏ ਦੀ ਲਾਗਤ ਵਾਲੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਨੂੰ ਹੁਲਾਰਾ ਦਿੱਤਾ ਅਤੇ ਸ਼ਹਿਰੀ ਖੇਤਰਾਂ ‘ਚ ਆਰਥਕ ਗਤੀਵਿਧੀਆਂ ਨੂੰ ਹੁੰਗਾਰਾ ਦੇਣ ਦੇ ਮਨੋਰਥ ਨਾਲ ਬਕਾਇਆ ਵੈਟ ਮੁਲਾਂਕਣ ਦੇ ਇਕ ਮੁਸ਼ਤ ਨਿਪਟਾਰੇ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਕਾਂਗਰਸ ਸਰਕਾਰ ਪਿੰਡਾਂ ਦੇ ਨਾਲ ਹੀ ਸ਼ਹਿਰੀ ਵਿਕਾਸ ਨੂੰ ਵੀ ਪ੍ਰਮੁੱਖਤਾ ਦੇ ਰਹੀ ਹੈ। ਜਦੋਂ ਵਿਕਾਸ ਦੇ ਕੰਮ ਤੇਜ ਗਤੀ ਨਾਲ ਹੁੰਦੇ ਹਨ ਤਾਂ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ ਜੋ ਕਿ ਇਸ ਕੋਰੋਨਾ ਮਹਾਮਾਰੀ ਦੇ ਸਮੇਂ ਵਿਚ ਬਹੁਤ ਹੀ ਜਰੂਰੀ ਹਨ। ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਹੋਣ ਵਾਲੀ ਤਰੱਕੀ ਨਾਲ ਪੈਦਾ ਹੋਣ ਵਾਲੇ ਰੁਜਗਾਰ ਦੇ ਨਵੇਂ ਮੌਕੇ ਪੜੇ ਲਿਖੇ ਨੌਜਵਾਨਾ ਲਈ ਵਰਦਾਨ ਸਿੱਧ ਹੋਣਗੇ।