ਚੰਡੀਗੜ੍ਹ: ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਖੇ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਅਤੇ ਦੋ ਮਰੀਜਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਆਦੇਸ ਦਿੱਤੇ ਹਨ।ਇਹ ਹੁਕਮ ਫਗਵਾੜਾ ਵਿਚ ਦੋ ਮਰੀਜਾਂ ਨੂੰ ਐਚਸੀਵੀ ਅਤੇ ਐਚਬੀਐੱਸਏਜੀ ਨਾਲ ਸੰਕਰਮਿਤ ਖੂਨ ਦੀਆਂ ਦੋ ਯੂਨਿਟਾਂ ਦਿੱਤੇ ਜਾਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜਰ ਜਾਰੀ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਬੀਟੀਓ ਡਾ. ਹਰਦੀਪ ਸਿੰਘ ਸੇਠੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਲਟੀ ਰਵੀ ਪਾਲ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਉਹਨਾਂ ਅੱਗੇ ਖੁਲਾਸਾ ਕੀਤਾ ਕਿ ਐਸਐਮਓ ਡਾ. ਕਮਲ ਕਿਸੋਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਿਸ ਵਿਭਾਗ ਕੋਲ ਅਪਰਾਧਿਕ ਸਕਿਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ ਦਿੱਤੇ ਹਨ ਤਾਂ ਜੋ ਖੂਨ ਪ੍ਰਬੰਧਨ ਦੇ ਸਹੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਨਿਰਦੇਸਾਂ ‘ਤੇ, ਕਪੂਰਥਲਾ ਜਲਿ੍ਹੇ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ ਤਿੰਨ ਦਿਨਾਂ ਅੰਦਰ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟਿ੍ਰਕਟ ਬਲੱਡ ਟਰਾਂਸਫੀਊਜ਼ਨ ਕਮੇਟੀ ਵੱਲੋਂ ਨਿਰੀਖਣ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਹੋਰ ਜਾਂਚ ਪ੍ਰਰਿਕਿਆਂ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ, ਪੰਜਾਬ ਬਲੱਡ ਐਂਡ ਟਰਾਂਸਫੀਊਜ਼ਨ ਕਮੇਟੀ ਦੀ ਟੀਮਾਂ ਵੱਲੋਂ ਅਗਲੇ 15 ਦਿਨਾਂ ਵਿਚ ਸਾਰੇ ਸਰਕਾਰੀ ਬਲੱਡ ਬੈਂਕ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ।

ਇਹ ਵੀ ਦੇਖਿਆ ਗਿਆ ਹੈ ਕਿ ਡਿਸਟਿ੍ਰਕਟ ਟਰਾਂਸਫੀਊਜ਼ਨ ਕਮੇਟੀਆਂ ਸਮੇਂ ਸਮੇਂ ‘ਤੇ ਬਲੱਡ ਬੈਂਕ ਦਾ ਨਿਰੀਖਣ ਨਹੀਂ ਕਰ ਰਹੀਆਂ। ਸਿਵਲ ਸਰਜਨਾਂ ਨੂੰ ਹੁਣ ਸਮੇਂ ਸਮੇਂ ‘ਤੇ ਬਲੱਡ ਬੈਂਕਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਨਿਰਦੇਸ ਦਿੱਤੇ ਗਏ ਹਨ ਤਾਂ ਜੋ ਮਿਆਰੀ ਕਾਰਜਕਾਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਮੁੜ ਨਾ ਵਾਪਰਨ। ਹਰੇਕ ਮਹੀਨੇ ਇਸ ਸਬੰਧੀ ਇੱਕ ਰਿਪੋਰਟ ਪੰਜਾਬ ਸਟੇਟ ਬਲੱਡ ਟਰਾਂਸਫੀਊਜ਼ਨ ਕੌਂਸਲ ਨੂੰ ਭੇਜਣ ਸਬੰਧੀ ਵੀ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ।ਬੁਲਾਰੇ ਨੇ ਦੱਸਿਆ ਕਿ ਫਗਵਾੜਾ ਵਿਖੇ ਇਹ ਘਟਨਾ 30 ਜਨਵਰੀ ਨੂੰ ਡਰੱਗ ਇੰਸਪੈਕਟਰਾਂ ਵੱਲੋਂ ਬਲੱਡ ਬੈਂਕ ਦੇ ਸਾਂਝੇ ਨਿਰੀਖਣ ਦੌਰਾਨ ਸਾਹਮਣੇ ਆਈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਕਪੂਰਥਲਾ ਵੱਲੋਂ ਜਾਂਚ ਅਤੇ ਤੱਥਾਂ ਦੀ ਪੜਤਾਲ ਲਈ ਤੁਰੰਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ।

ਜਾਂਚ ਦੌਰਾਨ ਸੀਐਚ ਫਗਵਾੜਾ ਦੇ ਐਸਐਮਓ/ਬਲੱਡ ਟ੍ਰਾਂਸਫਿਊਜ਼ਨ ਅਫਸਰ/ਲੈਬ ਟੈਕਨੀਸੀਅਨ ਦੇ ਬਿਆਨਾਂ ਦੇ ਨਾਲ ਨਾਲ ਰਿਕਾਰਡਾਂ ਦੀ ਪੜਤਾਲ ਕਰਦਿਆਂ ਪਤਾ ਚੱਲਿਆ ਕਿ ਖੂਨ ਦੀ ਜਾਂਚ ਐਲੀਸਾ ਅਤੇ ਰੈਪਿਡ ਟੈਸਟ ਨਾਲ ਕੀਤੀ ਗਈ ਸੀ। ਬਲੱਡ ਯੂਨਿਟ ਬੈਗ ਨੰ. 179, 24 ਜਨਵਰੀ, 2020 ਨੂੰ ਇਕੱਤਰ ਕੀਤਾ ਗਿਆ ਅਤੇ ਯੂਨਿਟ ਨੰ. 2922 ਨੂੰ 15 ਅਕਤੂਬਰ, 2019 ਨੂੰ ਇਕੱਤਰ ਕੀਤਾ ਗਿਆ ਸੀ।ਇਹਨਾਂ ਯੂਨਿਟਾਂ ਨੂੰ ਐਲੀਸਾ ਟੈਸਟਿੰਗ ਤਕਨੀਕ ਦੌਰਾਨ ਕਿ੍ਰਆਸੀਲ ਪਾਇਆ ਗਿਆ ਸੀ। ਇਸ ਤੋਂ ਬਾਅਦ, ਐਲਟੀ ਦੁਆਰਾ ਕੀਤਾ ਰੈਪਿਡ ਟੈਸਟ ਗੈਰ-ਕਿ੍ਰਆਸੀਲ ਪਾਇਆ ਗਿਆ। ਇਸ ਤਰ੍ਹਾਂ ਰੈਪਿਡ ਟੈਸਟ ਦੇ ਬਾਅਦ ਐਲੀਸਾ ਟੈਸਟਿੰਗ ਕਰਨਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦੀ ਉਲੰਘਣਾ ਹੈ, ਜਿਸਦੀ ਪੁਸਟੀ ਕਰਨਾ ਬਹੁਤ ਸੰਵੇਦਨਸੀਲ ਅਤੇ ਲਾਜਮੀ ਮੰਨਿਆ ਜਾਂਦਾ ਹੈ।

ਖੂਨ ਦਾ ਨਮੂਨਾ ਐਲਿਸਾ ਦੇ ਅਨੁਸਾਰ ਕਿ੍ਰਆਸੀਲ ਅਤੇ ਰੈਪਿਡ ਵੱਲੋਂ ਗੈਰ-ਕਿ੍ਰਆਸੀਲ ਪਾਏ ਜਾਣ ‘ਤੇ ਵੀ ਬਲੱਡ ਬੈਂਕ ਵੱਲੋਂ ਮਰੀਜਾਂ ਨੂੰ ਖੂਨ ਜਾਰੀ ਕੀਤਾ ਗਿਆ ਜਿਸ ਨੂੰ ਸਾਰੀਆਂ ਮਾਨਕ ਓਪਰੇਟਿੰਗ ਪ੍ਰਕਿਰਿਆਵਾਂ ਦੇ ਵਿਰੁੱਧ ਪਾਇਆ ਗਿਆ ਹੈ।ਬੁਲਾਰੇ ਨੇ ਦੱਸਿਆ ਕਿ ਨਿਰੀਖਣ ਦੌਰਾਨ ਇਹ ਵੀ ਪਤਾ ਲੱਗਾ ਕਿ ਇਕ ਮਰੀਜ ਜਿਸਦਾ ਬਲੱਡ ਗਰੁੱਪ ਓ+ ਹੈ, ਨੂੰ ਬੀ+ ਖੂਨ ਚੜ੍ਹਾਇਆ ਗਿਆ, ਜੋ ਮਰੀਜ ਦੀ ਜਾਨ ਲਈ ਵੱਡਾ ਖਤਰਾ ਸੀ। ਜਿਸ ਨਾਲ ਨੌਜਵਾਨ ਰੋਗੀ ਦੀ ਹਾਲਤ ਵਿਗੜ ਗਈ।

ਬੁਲਾਰੇ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ, ਮਰੀਜ ਦੀ ਦੇਖਭਾਲ ਕਰ ਰਹੇ ਐਮਓ ਅਤੇ ਅੱਗੇ ਐਸਐਮਓ ਦੀ ਡਿਊਟੀ ਸੀ ਕਿ ਉਹ ਇਸ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦੇਣ। ਐਸਐਮਓ ਨੂੰ ਜਰੂਰੀ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਸਨ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਐਸਐਮਓ ਡਾ. ਕਮਲ ਕਿਸੋਰ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹੇ ਅਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਨੂੰ ਫਗਵਾੜਾ ਸਿਵਲ ਹਸਪਤਾਲ ਬਲੱਡ ਬੈਂਕ ਵਿੱਚ ਸਟਾਫ ਦਾ ਬਦਲਵਾਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਸਟਾਫ ਦਾ ਪ੍ਰਬੰਧ ਹੋਣ ਤੋਂ ਬਾਅਦ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵੱਲੋਂ ਬਲੱਡ ਬੈਂਕ ਦਾ ਨਿਰੀਖਣ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਨਿਰੀਖਣ ਇਕ ਹਫਤੇ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ ਜੇਕਰ ਨਿਰੀਖਣ ਦੌਰਾਨ ਸਭ ਕੁਝ ਠੀਕ ਪਾਇਆ ਗਿਆ ਤਾਂ ਬਲੱਡ ਬੈਂਕ ਚਾਲੂ ਕਰ ਦਿੱਤਾ ਜਾਵੇਗਾ।