ਫਗਵਾੜਾ 8 ਅਪ੍ਰੈਲ (ਸ਼ਿਵ ਕੋੜਾ) ਭਾਰਤੀ ਜਨਤਾ ਯੁਵਾ ਮੋਰਚਾ ਕਪੂਰਥਲਾ ਦੇ ਮਹਾ ਮੰਤਰੀ ਨਿਤਿਨ ਚੱਢਾ ਨੇ  ਫਗਵਾੜਾ ਨਗਰ ਨਿਗਮ ਪ੍ਰਸ਼ਾਸਨ ਤੇ ਗ਼ਰੀਬ ਰੇਹੜੀ ਫੜੀ ਵਾਲਿਆਂ ਕੋਲੋਂ ਜਬਰੀ ਵਸੂਲੀ ਕਰਨ ਦੇ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਕਾਲ ਚੱਲ ਰਿਹਾ ਹੈ ਅਤੇ ਲੋਕਾਂ ਦੇ ਕੰਮ ਕਾਜ ਠੱਪ ਪਏ ਹਨ। ਗ਼ਰੀਬ ਆਦਮੀ ਨੂੰ ਰੋਟੀ ਰੋਜ਼ੀ ਦੇ ਲਾਲੇ ਪਏ ਹਨ। ਪਰ ਫਗਵਾੜਾ ਨਗਰ ਨਿਗਮ ਦੇ ਮੁਲਾਜ਼ਮ ਹਰੇਕ ਰੇਹੜੀ,ਫੜੀ,ਖੋਖੇ ਵਾਲੇ ਪਾਸੋਂ 700 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹਰ ਮਹੀਨੇ ਵਸੂਲੀ ਕਰ ਰਹੇ ਹਨ,ਜਦਕਿ ਉਨ੍ਹਾਂ ਨੇ ਸਾਲਾਨਾ ਫ਼ੀਸ ਦੇ ਕੇ ਲਾਇਸੈਂਸ ਵੀ ਬਣਾਏ ਹਨ। ਜੇ ਮਜਬੂਰ ਤੰਗ ਤੋਂ ਪਰੇਸ਼ਾਨ ਲੋਕ ਇਨਕਾਰ ਕਰਦੇ ਹਨ ਤਾਂ ਨਗਰ ਨਿਗਮ ਵਾਲੇ ਉਨ੍ਹਾਂ ਸਮਾਜ ਚੁੱਕ ਕੇ ਲੈ ਜਾਂਦੇ ਹਨ। ਉਨ੍ਹਾਂ ਇਹ ਭੀ ਸ਼ੱਕ ਪ੍ਰਗਟਾਇਆ ਕਿ ਵਸੂਲੀ ਵਾਲੇ ਕਈਆਂ ਨੂੰ ਤਾਂ ਰਸੀਦ ਤਕ ਨਹੀਂ ਦਿੰਦੇ। ਨਿਤਿਨ ਚੱਢਾ ਨੇ ਕਿਹਾ ਕੋਰੋਨਾ ਦੇ ਦੌਰਾਨ ਪੰਜਾਬ ਸਰਕਾਰ ਨੇ ਇਨ੍ਹਾਂ ਦੇ ਗੁਜ਼ਰ ਬਸਰ ਲਈ ਕੋਈ ਸਕੀਮ ਨਹੀਂ ਦਿੱਤੀ ਤਾਂ ਹੀ ਕੋਈ ਸਹਾਇਤਾ ਦਿੱਤੀ ਹੈ,ਉਲਟਾ ਨਗਰ ਨਿਗਮ ਉਨ੍ਹਾਂ ਦੇ ਮਗਰ ਵਸੂਲੀ ਲਈ ਹੱਥ ਧੋ ਕੇ ਪਿਆ ਹੈ। ਦੂਸਰੇ ਪਾਸੇ ਕੇਂਦਰ ਸਰਕਾਰ ਹੈ ਜਿਸ ਨੇ ਫ਼ਰੀ ਕਣਕ,ਦਾਲ,ਛੋਲੇ ਵੀ ਦਿੱਤੇ ਅਤੇ ਕੰਮ ਨੂੰ ਸੈੱਟ ਕਰਨ ਲਈ 10 -10 ਹਜ਼ਾਰ ਰੁਪਏ ਦਾ ਕਰਜ਼ ਵੀ ਦਿੱਤਾ ਜਾ ਰਿਹਾ ਹੈ। ਪਰ ਸੂਬਾ ਸਰਕਾਰ ਉਨ੍ਹਾਂ ਨੂੰ ਲੁੱਟਣ ਤੇ ਕੁੱਟਣ ਤੇ ਹੀ ਹੋਈ ਹੈ। ਚੱਢਾ ਨੇ ਸ਼ਫ਼ਾ ਕਿਹਾ ਕਿ ਜੇ ਨਗਰ ਨਿਗਮ ਨੇ ਇਹ ਧੱਕੇਸ਼ਾਹੀ ਨਾ ਰੋਕੀ ਤਾਂ ਯੁਵਾ ਮੋਰਚਾ ਉਨ੍ਹਾਂ ਨੂੰ ਲੁੱਟ ਤੋਂ ਬਚਾਉਣ ਲਈ ਅੱਗੇ ਆਵੇਗਾ। ਮੋਰਚਾ ਰੇਹੜੀ,ਫੜੀ ਵਾਲਿਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰੇਗਾ।