ਜਲੰਧਰ : ਕੋਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਸਬੰਧੀ ਪਬਲਿਕ ਵਿੱਚ ਜਾਗਰੂਕ ਪੈਦਾ ਕਰਨ ਲਈ
ਸਿਹਤ ਵਿਭਾਗ ਜਲੰਧਰ ਵਲੋਂ ਵੱਖ -ਵੱਖ ਥਾਵਾ ਤੇ ਸੈਮੀਨਾਰ ਅਤੇ ਗਰੁੱਪ ਡਿਸਕਸ਼ਨ ਕੀਤੇ ਜਾ ਰਹੇ ਹਨ। ਇਸੇ ਤਰਾਂ
ਅੱਜ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ
ਕੋਰੋਨਾ ਵਾਇਰਸ ਪ੍ਰਤੀ ਜਨ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਅਦਰਸ਼ ਨਗਰ ਜਲ਼ੰਧਰ
ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਐਪੀਡਿਮੋਲੋਜਿਸਟ ਡਾ
ਸਤੀਸ਼ ਕੁਮਾਰ ਨੇ ਕਿਹਾ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ, ਥੋੜ੍ਹੇ ਸਮੇਂ ਬਾਅਦ ਸਾਬੁਣ ਨਾਲ
ਹੱਥਾਂ ਨੂੰ ਚੰਗੀ ਤਰ੍ਹਾ ਧੋਇਆ ਜਾਵੇ।ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ
ਦੂਰੀ ਬਣਾ ਕੇ ਰੱਖੀ ਜਾਵੇ।ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ
ਵਿਅਕਤੀ ਨੂੰ ਬੁਖਾਰ ਹੋਣਾ , ਜ਼ੁਕਾਮ ,ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ ਲੈਣ
ਵਿੱਚ ਤਕਲੀਫ ਮਹਿਸੂਸ ਕਰਦਾ ਹੈ।ਅਜਿਹੇ ਚਿੰਨ੍ਹ ਪਾਏ ਜਾਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ
ਸੰਪਰਕ ਕੀਤਾ ਜਾਵੇ।ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਭਾਵੇਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ
ਇਸ ਵਾਇਰਸ ਨੂੰ ਲੈਕੇ ਜ਼ਿਆਦਾ ਡਰਨ ਦੀ ਲੋੜ ਨਹੀਂ , ਭਾਵੇਂ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ ਫਿਰ ਵੀ
ਜਾਗਰੂਕਤਾ ਹੋਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ।ਉਨ੍ਹਾ ਕਿਹਾ ਕਿ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ
ਹੈ ਤਾਂ ਵਾਇਰਸ ਆਸ ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਅਤੇ ਏਸ ਦੇ ਨਾਲ ਹੀ ਨਜ਼ਦੀਕ ਪਈਆਂ ਚੀਜ਼ਾਂ
ਤੇ ਵੀ ਪੁਹੰਚ ਕਰ ਜਾਂਦਾ ਹੈ । ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਖਾਂਸੀ ਕਰਦੇ ਹੋਏ ਜਾਂ ਛਿੱਕਦੇ ਸਮੇਂ
ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਲਿਆ ਜਾਵੇ।ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਛੱਕੀ ਮਰੀਜ਼ਾਂ
ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ। ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ ,
ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਓ।ਇਸ ਮੌਕੇ ਕਿਰਪਾਲ
ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਤੇ ਮਨਜੀਤ ਸਿੰਘ ਬਹੁ ਮੰਤਵੀ ਸਿਹਤ ਕਰਮਚਾਰੀ
(ਮੇਲ) ਵੱਲੋਂ ਵੀ ਕੋਰੋਨਾ ਵਾਇਰਸ ਅਤੇ ਹੱਥ ਧੋਣ ਦੀ ਵਿਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਇਸ ਮੌਕੇ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਟੀਮ ਵਲੋਂ
ਕੋਰੋਨਾ ਵਾਇਰਸ ਸਬੰਧੀ ਦਿੱਤੀ ਵਿਸਥਾਰਪੂਰਵਕ ਜਾਣਕਾਰੀ ਆਪਣੇ ਆਲੇ ਦੁਆਲੇ ਲੋਕਾਂ ਵਿੱਚ ਵੀ ਵੱਧ ਤੋਂ ਵੱਧ
ਜਾਗਰਿਤੀ ਪੈਦਾ ਕੀਤੀ ਜਾਵੇ।ਉਨਾ ਨੇ ਸਿਹਤ ਵਿਭਾਗ ਜਲੰਧਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ
ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ , ਮਨਜੀਤ ਸਿੰਘ ਬਹੁ ਮੰਤਵੀ ਸਿਹਤ
ਕਰਮਚਾਰੀ (ਮੇਲ) , ਭੁਪਿੰਦਰਪਾਲ ਸਿੰਘ, ਸਿਮਰਪਾਲ, ਮਨਦੀਪ ਕੌਰ, ਪ੍ਰਵੀਨ
ਕੁਮਾਰੀ, ਰਣਜੀਤ ਕੌਰ, ਕੰਚਨ, ਯਸ਼ਪਾਲ ਸ਼ਰਮਾ, ਪ੍ਰੇਮ ਲਤਾ (ਸਾਰੇ ਅਧਿਆਪਕ)
ਅਤੇ ਸਕੂਲੀ ਵਿਦਿਆਰਥਣਾ ਹਾਜਰ ਸਨ। ਇਸ ਮੌਕੇ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਫੈਲਾਉਣ ਲਈ
ਆਈ.ਈ.ਸੀ ਮਟੀਰੀਅਲ ਪੈਂਫਲੈਟਸ ਵੀ ਤਕਸੀਮ ਕੀਤੇ ਗਏ।