ਜਲੰਧਰ :- ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਇਸ ਵਾਰ ਸਾਦਾ ਤੇ ਘੱਟ ਇਕੱਠ ਵਾਲਾ ਹੋਵੇਗਾ, ਜਿਸ ਦੌਰਾਨ ਸੁਰੱਖਿਆ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਨੂੰ ਕਿਸੇ ਵੀ ਕੀਮਤ ‘ਤੇ ਯਕੀਨੀ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਸਬੰਧੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਵਾਰ ਸਮਾਗਮ ਵਿੱਚ ਇਕੱਠ ਸੀਮਤ ਹੋਵੇਗਾ ਅਤੇ ਸਮਾਰੋਹ ਬਹੁਤ ਹੀ ਸਾਦੇ ਢੰਗ ਨਾਲ ਚਲਾਇਆ ਜਾਵੇਗਾ। ਕੋਵਿਡ ਦੇ ਮੱਦੇਨਜ਼ਰ ਗਣਤੰਤਰ ਦਿਵਸ ਸਮਾਰੋਹ ਸੰਬੰਧੀ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ ਏਡੀਸੀ ਨੇ ਕਿਹਾ ਕਿ ਸਮਾਗਮ ਦੌਰਾਨ ਕੋਈ ਵਿਸ਼ਾਲ ਇਕੱਠ ਨਹੀਂ ਹੋਵੇਗਾ ਜਿਵੇਂ ਕਿ ਪਿਛਲੇ ਸਾਲਾਂ ਦੌਰਾਨ ਹੁੰਦਾ ਸੀ ਅਤੇ ਪੰਜਾਬ ਪੁਲਿਸ ਦੀ ਟੁੱਕੜੀ ਸਲਾਮੀ ਦੇਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੁਰੱਖਿਆ ਹਦਾਇਤਾਂ ਦੀ ਪਾਲਣਾ ਦੇ ਮੱਦੇਨਜ਼ਰ ਪੀਟੀ ਸ਼ੋਅ, ਸੱਭਿਆਚਾਰਕ ਸਮਾਗਮ, ਪਰੇਡ ਆਦਿ ਵਰਗੀਆਂ ਕੋਈ ਹੋਰ ਗਤੀਵਿਧੀਆਂ ਨਹੀਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਜ਼, ਜਿਸ ਵਿੱਚ ਸਮਾਜਿਕ ਵਿੱਥ, ਮਾਸਕ ਪਹਿਨਣਾ, ਹੱਥ ਧੋਣਾ, ਕੀਟਾਣੂ-ਨਾਸ਼ਕ ਦਾ ਛਿੜਕਾਅ ਆਦਿ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਪੁਲਿਸ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਉਨ੍ਹਾਂ ਦੇ ਕਰਮਚਾਰੀ ਵਾਇਰਸ ਦੇ ਅੱਗੇ ਫੈਲਾਅ ਤੋਂ ਬਚਣ ਲਈ ਸਮੁੱਚੇ ਸੁਰੱਖਿਆ ਉਪਰਾਲਿਆਂ ਦੀ ਪਾਲਣਾ ਕਰਨ। ਮੀਟਿੰਗ ਵਿੱਚ ਐਸਡੀਐਮ ਡਾ. ਜੈ ਇੰਦਰ ਸਿੰਘ, ਐਸਡੀਐਮ ਰਾਹੁਲ ਸਿੰਧੂ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਅਰੁਨ ਸੈਣੀ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਹੋਰ ਮੌਜੂਦ ਸਨ ।