ਕਰਤਾਰਪੁਰ,21 ਸਤੰਬਰ ( )
– ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 13 ਸਤੰਬਰ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਘੇਰਾਓ ਮੌਕੇ ਮਨਵਾਈ ਮੰਗ ਅਨੁਸਾਰ ਮਜ਼ਦੂਰਾਂ ਦੇ ਘਰੇਲੂ ਕੱਟੇ ਬਿਜਲੀ ਕੁਨੈਕਸ਼ਨ ਚਾਲੂ ਕਰਵਾਉਣ, ਕੁਨੈਕਸ਼ਨ ਕੱਟਣੇ ਬੰਦ ਕਰਵਾਉਣ, ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ ਲੋੜਵੰਦਾਂ ਦੇ ਨੀਲੇ ਕਾਰਡ ਬਣਵਾਉਣ, ਮਜ਼ਦੂਰਾਂ ਨੂੰ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਫਰਜ਼ੀ ਬੋਲੀਆਂ ਰੱਦ ਕਰਕੇ ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਨੂੰ ਬਣਦਾ ਹੱਕ ਦਿਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸੀਨੀਅਰ ਕਾਰਜ਼ਕਾਰੀ ਇੰਜੀਨੀਅਰ (ਵੰਡ) ਡਵੀਜ਼ਨ ਕਰਤਾਰਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿੱਥੇ ਕੱਟੇ ਕੁਨੈਕਸ਼ਨ ਚਾਲੂ ਕਰਨ ਅਤੇ ਕੁਨੈਕਸ਼ਨ ਕੱਟਣੇ ਬੰਦ ਕਰਨ ਸੰਬੰਧੀ 400 ਤੋਂ ਵੱਧ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਖਪਤਕਾਰਾਂ ਦੀਆਂ ਦਰਖ਼ਾਸਤਾਂ ਮੌਕੇ ਉੱਤੇ ਪਾਵਰਕਾਮ ਅਧਿਕਾਰੀ ਜਸਵਿੰਦਰ ਸਿੰਘ ਵਲੋਂ ਪ੍ਰਾਪਤ ਕੀਤੀਆਂ ਗਈਆਂ।ਇਸ ਉਪਰੰਤ ਸਥਾਨਕ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਦਾ ਸ਼ਾਮ 6 ਵਜੇ ਤੱਕ ਘੇਰਾਓ ਕਰਕੇ ਕੱਟੇ ਨੀਲੇ ਕਾਰਡ ਬਹਾਲ ਕਰਵਾਏ ਗਏ ਅਤੇ ਨਵੇਂ ਕਾਰਡ ਬਣਾਉਣ ਲਈ ਸਟਿੱਕਰ ਮੁਹੱਈਆ ਕਰਵਾਉਣ ਲਈ ਏਐੱਫਐੱਸਓ ਵਲੋਂ ਡੀਐੱਫਐੱਸਓ ਨੂੰ ਪੱਤਰ ਲਿਖਣ ਲਈ ਮਜ਼ਬੂਰ ਕੀਤਾ ਗਿਆ।
ਇਸ ਤੋਂ ਪਹਿਲਾਂ ਬੱਸ ਅੱਡ ਦੇ ਮੇਨ ਚੌਕ ਇਕੱਠੇ ਹੋ ਕੇ ਮੁਜ਼ਾਹਰਾ ਕਰਦੇ ਹੋਏ ਪੇਂਡੂ ਮਜ਼ਦੂਰ ਪਹਿਲਾਂ ਐਕਸੀਅਨ ਦਫ਼ਤਰ ਤੇ ਫੂਡ ਸਪਲਾਈ ਦਫ਼ਤਰ ਪੁੱਜੇ, ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ 13 ਸਤੰਬਰ ਨੂੰ ਮੁੱਖ ਮੰਤਰੀ ਦੀ ਪਟਿਆਲਾ ਰਿਹਾਇਸ਼ ਮੋਤੀ ਮਹਿਲ ਦਾ ਘੇਰਾਓ ਦੇ ਐਨ ਮੌਕੇ ਮੁੱਖ ਇੰਜੀਨੀਅਰ,ਵਣਜ ਦੇ ਦਸਤਖ਼ਤਾਂ ਹੇਠ ਪੇਂਡੂ ਤੇ ਖੇਤ ਮਜ਼ਦੂਰਾਂ ਦੇ ਕੱਟੇ ਬਿਜਲੀ ਕੁਨੈਕਸ਼ਨ ਚਾਲੂ ਕਰਨ, ਕੁਨੈਕਸ਼ਨ ਕੱਟਣੇ ਬੰਦ ਕਰਨ ਸੰਬੰਧੀ ਇਕੱਠ ਵਿੱਚ ਚਿੱਠੀ ਦਿੱਤੀ ਗਈ।ਜਿਸ ਉੱਤੇ ਅੱਜ ਤੱਕ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਵੀ ਪਹਿਲਾਂ ਹੋਏ ਫੈਸਲੇ ਨੂੰ ਮੁੜ ਐਲਾਨ ਕਰ ਦਿੱਤਾ ਪ੍ਰੰਤੂ “ਸਰਕਾਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ” ਦੀ ਕਹਾਵਤ ਵਾਂਗ ਅਮਲ ਜ਼ੀਰੋ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਗਾਂ ਨੂੰ ਅਮਲ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਪਿੰਡਾਂ ਵਿੱਚ ਕਾਂਗਰਸੀ ਐੱਮਐੱਲਏ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੀ ਡੱਟ ਕੇ ਹਮਾਇਤ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂ ਬਲਵਿੰਦਰ ਕੌਰ ਦਿਆਲਪੁਰ, ਗੁਰਪ੍ਰੀਤ ਸਿੰਘ ਚੀਦਾ, ਬਲਬੀਰ ਸਿੰਘ ਧੀਰਪੁਰ, ਪਰਮਜੀਤ ਕੌਰ, ਸਰਬਜੀਤ ਕੌਰ ਆਦਿ ਨੇ ਸੰਬੋਧਨ ਕੀਤਾ।