ਫਗਵਾੜਾ 13 ਅਕਤੂਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਸ੍ਰ. ਗੁਲਜਾਰ ਸਿੰਘ ਰਣਿਕੇ ਨੇ ਫਤਿਹਗੜ ਸਾਹਿਬ ਵਿਖੇ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਜਾ ਰਹੇ ਹਨ। ਉਹ ਅੱਜ ਇੱਥੇ ਸ੍ਰੋਅਦ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਸ੍ਰ. ਰਣਿਕੇ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਤਾੜਨਾ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਠਲ ਨਾ ਪਾਈ ਗਈ ਤਾਂ ਸਿੱਖ ਕੌਮ ਚੁੱਪ ਕਰਕੇ ਨਹੀਂ ਬੈਠੇਗੀ। ਉਹਨਾਂ ਮੰਗ ਕੀਤੀ ਕਿ ਇਸ ਘਟਨਾ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪਰਦਾਫਾਸ਼ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਇਸ ਮੌਕੇ ਉਹਨਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀ ਕਾਨੂੰਨਾ ਨੂੰ ਲੈ ਕੇ ਦਿਖਾਏ ਜਾ ਰਹੇ ਅੜੀਅਲ ਰਵੱਈ ਦੀ ਵੀ ਨਖੇਦੀ ਕੀਤੀ ਅਤੇ ਕਿਹਾ ਕਿ ਕਿਸਾਨਾ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਕੋਈ ਵੀ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਕਿਸਾਨਾ ਦੇ ਇਸ ਸੰਘਰਸ਼ ਵਿਚ ਡਟ ਕੇ ਨਾਲ ਖੜਾ ਹੈ ਅਤੇ ਜਿੱਥੇ ਤੱਕ ਜਰੂਰੀ ਹੋਵੇਗਾ ਇਸ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਕੋਟ ਕਰਾਰ ਖਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੋਆਬਾ ਜੋਨ, ਅਰਵਿੰਦਰ ਸਿੰਘ, ਪਿੰਕੀ ਬਸਰਾਓ ਵੀ ਹਾਜਰ ਸਨ।