ਲੁਧਿਆਣਾ : ਆਸਟਰੇਲੀਆ ਨੂੰ ਜਾ ਰਹੇ ਬਜ਼ੁਰਗ ਦੀ ਇੰਡੋ ਕੈਨੇਡੀਅਨ ਬੱਸਾਂ ਨਿਕਲਦੇ ਸਾਰ ਹੀ ਬਾਥਰੂਮ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦਲਬੀਰ ਸਿੰਘ(65) ਦੇ ਰਿਸ਼ਤੇਦਾਰ ਰਣਜੀਤ ਸਿੰਘ ਦੇ ਬਿਆਨਾਂ ਉੱਪਰ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਛੇ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਰਈਆ ਦੇ ਰਹਿਣ ਵਾਲੇ ਦਲਬੀਰ ਸਿੰਘ ਦੀ ਬੇਟੀ ਸੰਦੀਪ ਕੌਰ ਪਿਛਲੇ ਪੰਜ ਸਾਲਾਂ ਤੋਂ ਆਸਟਰੇਲੀਆ ਵਿੱਚ ਰਹਿ ਰਹੀ ਹੈ । ਸੰਦੀਪ ਕੌਰ ਦੀ ਚਾਰ ਸਾਲਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਹੁਣ ਉਹ ਆਸਟਰੇਲੀਆ ਵਿੱਚ ਨੌਕਰੀ ਕਰ ਰਹੀ ਸੀ । ਦਲਬੀਰ ਅਤੇ ਉਨ੍ਹਾਂ ਦੀ ਪਤਨੀ ਆਪਣੇ ਜੱਦੀ ਘਰ ਰਈਆ ਵਿੱਚ ਰਹਿ ਰਹੇ ਸਨ । ਸੰਦੀਪ ਕੌਰ ਲੰਮੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਨਹੀਂ ਸੀ ਮਿਲੀ ਜਿਸ ਲਈ ਉਸ ਨੇ ਦੋਵਾਂ ਨੂੰ ਆਸਟ੍ਰੇਲੀਆ ਬੁਲਾਇਆ । ਦਲਬੀਰ ਦੀ ਪਤਨੀ ਨੇ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ । ਬੁੱਧਵਾਰ ਸਵੇਰੇ ਦਲਬੀਰ ਸਿੰਘ ਆਪਣੀ ਬੇਟੀ ਸੰਦੀਪ ਕੌਰ ਨੂੰ ਮਿਲਣ ਲਈ ਇੰਡੋ ਕੈਨੇਡੀਅਨ ਬੱਸ ਤੇ ਸਵਾਰ ਹੋ ਕੇ ਦਿੱਲੀ ਏਅਰਪੋਰਟ ਵੱਲ ਨੂੰ ਨਿਕਲੇ । ਬੱਸ ਜਿਸ ਤਰ੍ਹਾਂ ਹੀ 10 ਵਜੇ ਦੇ ਕਰੀਬ ਲੁਧਿਆਣਾ ਦੇ ਸ਼ੇਰਪੁਰ ਚੌਕ ਵਿੱਚ ਰੁਕੀ ਤਾਂ ਦਲਬੀਰ ਬਾਥਰੂਮ ਜਾਣ ਲਈ ਬੱਸ ਤੋਂ ਹੇਠਾਂ ਉਤਰੇ । ਬਾਥਰੂਮ ਦੇ ਅੰਦਰ ਦਾਖਲ ਹੁੰਦੇ ਸਾਰ ਹੀ ਦਲਬੀਰ ਸਿੰਘ ਨੂੰ ਹਾਰਟ ਅਟੈਕ ਆ ਗਿਆ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਥਾਣਾ ਡਵੀਜ਼ਨ 6 ਨੰਬਰ ਦੇ ਮੁੱਖੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਵੀਰਵਾਰ ਸਵੇਰੇ ਦਲਬੀਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕੀਤਾ ਜਾਵੇਗਾ ।