ਕਰਤਾਰਪੁਰ,11 ਅਕਤੂਬਰ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੰਘਰਸ਼ ਦੀ ਬਦੌਲਤ ਹੋਰਨਾਂ ਪਿੰਡਾਂ ਵਾਂਗ ਪਿੰਡ ਘੁੱਗ ਅਤੇ ਸ਼ੋਰ ਵਿਖੇ ਗ੍ਰਾਮ ਸਭਾ ਦੇ ਹੋਏ ਅਜਲਾਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਮੁੜ ਮਤੇ ਪਾਸ ਕੀਤੇ ਗਏ।ਘੁੱਗ ਵਿਖੇ ਅਜਲਾਸ ਦੀ ਪ੍ਰਧਾਨਗੀ ਸਿਮਰਤ ਕੌਰ ਐੱਸ.ਈ.ਪੀ.ਓ.ਨੇ ਕੀਤੀ, ਨਿਗਰਾਨ ਵਜੋਂ ਪੰਚਾਇਤੀ ਰਾਜ ਜੇਈ ਅਸ਼ਵਨੀ ਗੇਰਾ ਹਾਜ਼ਰ ਰਹੇ।ਇਸ ਮੌਕੇ ਮੈਂਬਰ ਪੰਚਾਇਤ ਬਲਵਿੰਦਰ ਕੌਰ ਤੇ ਕੁਲਦੀਪ ਕੌਰ,ਸਾਬਕਾ ਸਰਪੰਚ ਕਰਮਾ, ਪੰਚਾਇਤ ਸਕੱਤਰ ਸੁਖਦੇਵ ਕੁਮਾਰ,ਜਰਨੈਲ ਸਿੰਘ ਸਮੇਤ ਸੈਂਕੜੇ ਪਿੰਡ ਵਾਸੀ ਹਾਜ਼ਰ ਸਨ। ਪਿੰਡ ਸ਼ੋਰ ਵਿਖੇ ਸਰਪੰਚ ਰਾਜਵੀਰ ਕੌਰ ਨੇ ਪ੍ਰਧਾਨਗੀ ਕੀਤੀ,ਇਸ ਮੌਕੇ ਪੰਚ ਹੀਰਾਮਨੀ ਤੇ ਕੁਲਵੰਤ ਸਿੰਘ ਸਮੇਤ ਹੋਰ ਮੈਂਬਰ ਪੰਚਾਇਤ ਅਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।
ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਦੂਜੀ ਦੂਜੀ ਵਾਰ ਵੀ ਗ੍ਰਾਮ ਸਭਾ ਕਰਕੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਮਤੇ ਪਾਸ ਕਰ ਦਿੱਤੇ ਗਏ ਹਨ।ਜੇਕਰ ਹੁਣ ਵੀ ਪਲਾਟ ਅਲਾਟ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵਾਂਗੇ।
ਉਨ੍ਹਾਂ ਪਿੰਡ ਮਸਾਣੀਆਂ ਬਲਾਕ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਐੱਸ ਸੀ ਪਰਿਵਾਰਾਂ ਦਾ ਪੰਚਾਇਤੀ ਜ਼ਮੀਨ ਚੋਂ ਬਣਦਾ ਰਾਖਵੇਂ ਹਿੱਸੇ ਦਾ ਹੱਕ ਮਾਰਨ ਲਈ ਉੱਚ ਜਾਤੀ ਨਾਲ ਸਬੰਧਤ ਪਿੰਡ ਦੇ ਸਰਪੰਚ ਅਤੇ ਉਸਦੇ ਜੋਟੀਦਾਰਾਂ ਵਲੋਂ ਕੀਤੇ ਧੱਕੇ ਖਿਲਾਫ਼ 18 ਅਕਤੂਬਰ ਨੂੰ ਐੱਸ ਐੱਸ ਪੀ ਬਟਾਲਾ ਦੇ ਦਫ਼ਤਰ ਦੇ ਕੀਤੇ ਜਾਣ ਵਾਲੇ ਘੇਰਾਓ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਪੇਂਡੂ ਮਜ਼ਦੂਰਾਂ ਅਤੇ ਹੋਰ ਇਨਸਾਫਪਸੰਦ ਲੋਕਾਂ ਨੂੰ ਸੱਦਾ ਵੀ ਦਿੱਤਾ।