ਲੌਂਗੋਵਾਲ : ਸੰਗਰੂਰ ਸਥਾਨਕ ਕਸਬਾ ਸਿੱਧ ਰੋਡ ਲੌਂਗੋਵਾਲ ਵਿਖੇ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਚਾਰ ਬੱਚੇ ਜਿੰਦਾ ਝੁਲਸ ਗਏ, ਜਦਕਿ ਵੈਨ ਚਾਲਕ ਅਤੇ 8 ਬੱਚੇ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿੱਥੇ ਕਿ ਵੈਨ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਵੈਨ, ਜਿਸ ‘ਚ 12 ਬੱਚੇ ਸਵਾਰ ਸਨ, ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਇਸ ‘ਚ ਅਚਾਨਕ ਅੱਗ ਲੱਗ ਗਈ। ਘਟਨਾ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਕਿਸਾਨ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ 8 ਬੱਚਿਆਂ ਤੇ ਵੈਨ ਚਾਲਕ ਨੂੰ ਵੈਨ ‘ਚੋਂ ਬਾਹਰ ਕੱਢਿਆ, ਜਦਕਿ ਚਾਰ ਬੱਚਿਆਂ ਨੇ ਜਿੰਦਾ ਝੁਲਸਣ ਕਾਰਨ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਿਆਂ ਦੀ ਪਹਿਚਾਣ ਆਰਾਧਿਆ ਪੁੱਤਰੀ ਸਤਪਾਲ, ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ ਅਤੇ ਸਿਮਰਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ। ਇਹ ਸਾਰੇ ਬੱਚੇ ਨਰਸਰੀ ਜਮਾਤ ਨਾਲ ਸੰਬੰਧਿਤ ਸਨ।