ਜਲੰਧਰ 03 ਅਗਸਤ 2020

ਛੋਟੇ ਅਤੇ ਦਰਮਿਆਨੇ ਕਿਸਾਨਾ ਦੀ ਆਮਦਨ ਵਧਾਉਣ ਦੇ ਮਕਸਦ ਅਤੇ ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਿੱਤੀ ਵਰ੍ਹੇ ਦੌਰਾਨ ਜ਼ਿਲ੍ਹੇ ਦੇ 890 ਪਿੰਡਾਂ ਵਿੱਚ 4450 ਪਸ਼ੂ ਸ਼ੈਡ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਹਰ ਪਿੰਡ ਵਿੱਚ 5 ਪਸ਼ੂ ਸ਼ੈਡ ਬਣਾਏ ਜਾਣਗੇ । ਜ਼ਿਲ੍ਹੇ ਵਿੱਚ 600 ਪਸ਼ੂ ਸ਼ੈਡ ਬਣਾਉਣ ਲਈ ਮਗਨਰੇਗਾ ਤਹਿਤ ਰਜਿਸਟਰਡ ਕਾਮਿਆਂ ਰਾਹੀਂ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।

ਮਗਨਰੇਗਾ ਸਕੀਮ ਤਹਿਤ ਮੁੱਖ ਧਿਆਨ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਪਸ਼ੂ ਸ਼ੈਡ ਬਣਾਉਣ ਨਾਲ ਛੋਟੇ ਅਤੇ ਦਰਮਿਆਨੇ ਕਿਸਾਨ ਨੂੰ ਰਵਾਇਤੀ ਖੇਤੀ ਦੀ ਬਜਾਏ ਪਸ਼ੂ ਪਾਲਣ ਦੇ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਹੋਣਗੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਸ਼ੂ ਸ਼ੈਡ ਬਣਾਉਣ ਲਈ 40 ਪ੍ਰਤੀਸ਼ਤ ਨਿੱਜੀ ਅਤੇ ਬਾਕੀ ਦਾ 60 ਪ੍ਰਤੀਸ਼ਤ ਹਿੱਸਾ ਸਰਕਾਰ ਵਲੋਂ ਅਦਾ ਕੀਤਾ ਜਾਂਦਾ ਸੀ ਪਰ ਇਸ ਸਾਲ ਕੋਵਿਡ-19 ਮਹਾਂਮਾਰੀ ਜਿਸ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 40 ਪ੍ਰਤੀਸ਼ਤ ਨਿੱਜੀ ਹਿੱਸੇ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।

ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 890 ਪਿੰਡਾਂ ਵਿੱਚ 4450 ਪਸ਼ੂ ਸ਼ੈਡਾਂ ਲਈ ਥਾਵਾਂ ਦੀ ਪਹਿਚਾਣ ਕਰ ਲਈ ਗਈ ਹੈ ਜਿਥੇ ਇਹ ਪਸ਼ੂ ਸ਼ੈਡ ਬਣਾਏ ਜਾਣੇ ਹਨ।

ਥੋਰੀ ਨੇ ਦੱਸਿਆ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਇਸ ਸਕੀਮ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਹੈ ਜਿਸ ਅਨੁਸਾਰ ਜਿਸ ਕਿਸਾਨ ਪਾਸ ਦੋ ਪਸ਼ੂ ਹਨ ਉਸ ਨੂੰ 35000 ਰੁਪਏ ਦੀ ਸਹਾਇਤਾ, ਚਾਰ ਪਸ਼ੂਆਂ ’ਤੇ 60000 ਰੁਪਏ ਅਤੇ 6 ਪਸ਼ੂਆ ਕੋਲ ਹੋਣ ’ਤੇ 97000 ਰੁਪਏ ਪਸ਼ੂ ਸ਼ੈਡ ਬਣਾਉਣ ਲਈ ਦਿੱਤੇ ਜਾਣਗੇ।

ਥੋਰੀ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਦੀ ਪਹਿਚਾਣ ਕਰਨ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਪਸ਼ੂਆਂ ਦਾ ਵੀ ਸਹੀ ਢੰਗ ਨਾਲ ਵੇਰਵਾ ਤਿਆਰ ਕੀਤਾ ਜਾਵੇ ਤਾਂ ਜੋ ਲੋੜ ਅਨੁਸਾਰ ਪਸ਼ੂ ਸ਼ੈਡ ਬਣਵਾਏ ਜਾ ਸਕਣ।