ਜਲੰਧਰ ‘ਚ ਪਠਾਨਕੋਟ ਰੋਡ ‘ਤੇ ਸਥਿਤ ਸ਼੍ਰੀਮਾਨ ਹਸਪਤਾਲ ‘ਚ ਐਂਡ੍ਰੋਸਕੋਪੀ ਕਰਵਾਉਣ ਆਇਆ ਬਜ਼ੁਰਗ ‘ਕੋਰੋਨਾ’ ਪਾਜ਼ੇਟਿਵ ਨਿਕਲਿਆ ਹੈ। ਇਸ ਨਾਲ ਜ਼ਿਲ੍ਹੇ ‘ਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 218 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲੌਰ ਅਧੀਨ ਪੈਂਦੇ ਪਿੰਡ ਤਲਵਣ ਦਾ ਰਹਿਣ ਵਾਲਾ 62 ਸਾਲਾ ਰਣਜੀਤ ਸਿੰਘ ਜਦੋਂ ਸਥਾਨਕ ਪਠਾਨਕੋਟ ਰੋਡ ‘ਤੇ ਸਥਿਤ ਸ਼੍ਰੀਮਾਨ ਹਸਪਤਾਲ ‘ਚ ਐਂਡ੍ਰੋਸਕੋਪੀ ਕਰਵਾਉਣ ਆਇਆ ਤਾਂ ਹਸਪਤਾਲ ਦੇ ਡਾਕਟਰਾਂ ਨੇ ਅਹਤਿਆਤ ਵਜੋਂ ਉਸ ਦਾ ‘ਕੋਰੋਨਾ’ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਕਤ ਬਜ਼ੁਰਗ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵੀਰਵਾਰ ਨੂੰ ਜ਼ਿਲ੍ਹੇ ਵਿਚ ਜਿਸ ਬਜ਼ੁਰਗ ਦੀ ਰਿਪੋਰਟ ‘ਕੋਰੋਨਾ’ ਪਾਜ਼ੇਟਿਵ ਆਈ ਹੈ, ਉਸ ਨੂੰ ਆਖਰ ‘ਕੋਰੋਨਾ’ ਹੋਇਆ ਕਿਥੋਂ? ਇਸ ਗੱਲ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਹਨ ਕਿਉਂਕਿ ਬਜ਼ੁਰਗ ਦੀ ਰਿਪੋਰਟ ਪਾਜ਼ੇਵਿਟ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਕਤ ਬਜ਼ੁਰਗ ਨੂੰ ਲੀਵਰ ਦੀ ਸਮੱਸਿਆ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਘਰ ਵਿਚ ਹੀ ਸੀ। ਉਹ ਸਿਰਫ ਪਿਛਲੇ ਦਿਨੀਂ ਐਂਡ੍ਰੋਸਕੋਪੀ ਕਰਵਾਉਣ ਲਈ ਸ਼੍ਰੀਮਾਨ ਹਸਪਤਾਲ ਹੀ ਗਿਆ ਸੀ । ਉਨ੍ਹਾਂ ਦੇ ਪਿੰਡ ਵਿਚ ਕਿਸੇ ਨੂੰ ਵੀ ਅਜੇ ਤੱਕ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਹਸਪਤਾਲ ਵਿਚ ਭੋਗਪੁਰ ਤੋਂ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਆਈ ਇਕ ਔਰਤ ਵੀ ‘ਕੋਰੋਨਾ’ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਬਾਅਦ ਵਿਭਾਗ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਆਂਢ-ਗੁਆਂਢ ਦੇ ਜਿੰਨੇ ਵੀ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਸੀ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ। ਹਸਪਤਾਲ ਦੇ ਸਟਾਫ ਦੇ ਸੈਂਪਲ ਵੀ ਨੈਗੇਟਿਵ ਆਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਖਿਰ ਇਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਕਿਥੋਂ ਹੋ ਰਿਹਾ ਹੈ, ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ।