ਜਲੰਧਰ: ‘ਚ ਕੋਵਿਡ-19 (ਕੋਰੋਨਾ) ਵਾਇਰਸ ਦੇ 3 ਹੋਰ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ,  ਮਿਲੀ ਜਾਣਕਾਰੀ ਅਨੁਸਾਰ ਇਕ ਮਰੀਜ਼ ਕਾਜ਼ੀ ਮਹੱਲਾ ਅਟਾਰੀ ਬਾਜ਼ਾਰ ਦਾ ਰਹਿਣ ਵਾਲਾ ਹੈ ਜਿਸ ਦਾ ਪੀ.ਜੀ.ਆਈ. ਚੰਡੀਗੜ੍ਹ ‘ਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਦੇ ਫਿਲੌਰ ਸਬ ਡਵੀਜ਼ਨ ‘ਚ ਵੀ ਕੋਰੋਨਾ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ। ਨਜ਼ਦੀਕੀ ਪਿੰਡ ਬਕਾਪੁਰ ਵਿਖੇ ਸ੍ਰੀ ਹਜ਼ੂਰ ਸਾਹਿਬ ਤੋ ਪਰਤੇ 8 ਸ਼ਰਧਾਲੂਆਂ ‘ਚੋਂ ਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੜਕੰਪ ਮੱਚ ਗਿਆ ਹੈ। ਪ੍ਰਸ਼ਾਸਨ ਨੇ ਬਕਾਪੁਰ ਨੂੰ ਸੀਲ ਕਰ ਦਿੱਤਾ ਹੈ।

ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਨ੍ਹਾਂ ‘ਚੋਂ ਦੋ ਗੁਰੂਹਰਸਹਾਏ ਰੋਡ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ ਅਤੇ ਇੱਕ ਨੌਜਵਾਨ ਪਿੰਡ ਕਾਉਣੀ ਨਾਲ ਸਬੰਧਿਤ ਹੈ। ਇਹ ਹਜ਼ੂਰ ਸਾਹਿਬ ਤੋਂ ਪਿਛਲੇ ਦਿਨੀਂ ਵਾਪਸ ਆਏ ਸਨ ਅਤੇ ਇਨ੍ਹਾਂ ਦੇ ਸੈਂਪਲ ਲੈ ਕੇ ਭੇਜੇ ਗਏ ਸਨ।

ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਕੇ ਆਏ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਭੱਟੀਆਂ ਦੇ 1 ਬੱਚੇ ਸਮੇਤ 3 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਸ ਵਿਚ ਜਸਵਿੰਦਰ ਸਿੰਘ(12) ਹਰਭਜਨ ਸਿੰਘ (78) ਦਲਜੀਤ ਕੌਰ (59) ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਨੂੰ ਧਾਰੀਵਾਲ ਦੇ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਵਿਚ ਰੱਖਿਆ ਗਿਆ ਸੀ ਅਤੇ ਉਥੇ 41 ਵਿਅਕਤੀਆਂ ਦੇ ਕੋਵਿੰਡ 19 ਦੇ ਨਮੂਨੇ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 1 ਬੱਚੇ ਸਮੇਤ 3 ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ।

ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 84 ਹੋ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਆਏ ਮਾਮਲਿਆਂ ਵਿਚ 10 ਪਾਜ਼ੀਟਿਵ ਮਰੀਜ਼ ਉਹ ਹਨ, ਜੋ ਬੀਤੇ ਦਿਨੀ ਨਾਂਦੇੜ ਸਾਹਿਬ ਤੋਂ ਵਾਪਸ ਪਹੁੰਚੇ ਹਨ।