ਅੰਮ੍ਰਿਤਸਰ,11 ਮਈ ( ) – ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਅਣਗਹਿਲੀ ਕਾਰਨ ਅਧਿਆਪਕਾਂ ਦੀਆਂ ਰੁਕੀਅਾਂ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਅੱਜ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਨੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਸਾਂਝੇ ਰੂਪ ‘ਚ ਦੱਸਿਆ ਕਿ ਜ਼ਿਲ੍ਹੇ ਅੰਦਰ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ ਨੂੰ ਉਨ੍ਹਾਂ ਦੀ ਇਸ ਨਿਯੁਕਤੀ ਤੇ ਮੁਬਾਰਕਬਾਦ ਦੇਣ ਉਪਰੰਤ ਜਥੇਬੰਦੀ ਦੇ ਆਗੂਆਂ ਨੇ ਅੰਮ੍ਰਿਤਸਰ ਜਿਲ੍ਹੇ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਤੌਰ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਤਰੱਕੀਆਂ ਨਾ ਹੋਣ ਕਾਰਨ ਐਲੀਮੈਂਟਰੀ ਅਧਿਆਪਕਾਂ ਦੇ ਮਨਾਂ ਅੰਦਰ ਪਾਏ ਜਾ ਰਹੇ ਭਾਰੀ ਰੋਸ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਬੀਤੀ 26 ਫਰਵਰੀ ਨੂੰ ਸਿੱਖਿਆ ਸਕੱਤਰ ਪੰਜਾਬ ਵੱਲੋ ਈ.ਟੀ.ਯੂ. ਨਾਲ ਕੀਤੀ ਮੀਟਿੰਗ ‘ਚ ਅੰਮ੍ਰਿਤਸਰ ਸਮੇਤ ਵੱਖ-ਵੱਖ ਜਿਲਿਆਂ ਚ ਪ੍ਰਮੋਸ਼ਨਾ ਕਰਨ ਲਈ ਪੱਤਰ ਨੰ: 24/21 -2020 ਅ 1 (3) 290-91 ਜਾਰੀ ਕਰਦਿਆਂ 15 ਦਿਨਾ ‘ਚ ਪ੍ਰਮੋਸ਼ਨਾਂ ਕਰਨ ਲਈ ਕਿਹਾ ਸੀ ਪਰ ਜ਼ਿਲ੍ਹਾ ਦਫਤਰ ਦੀ ਢਿੱਲੀ ਕਾਰਜਗੁਜ਼ਾਰੀ ਕਾਰਨ ਅੱਜ ਤੱਕ ਵੀ ਅਧਿਆਪਕ ਤਰੱਕੀਆਂ ਤੋਂ ਵਾਂਝੇ ਹਨ ।
ਉਨ੍ਹਾਂ ਦੱਸਿਆ ਕਿ ਸਾਰੇ ਮਸਲੇ ਨੂੰ ਧਿਆਨ ਨਾਲ ਸੁਣਨ ਉਪਰੰਤ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਤਰੱਕੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਨਾਲ ਉਨ੍ਹਾਂ ਨੂੰ ਦਿਲੋਂ ਹਮਦਰਦੀ ਹੈ, ਇਸ ਲਈ ਤਰੱਕੀਅਾਂ ਜਲਦ ਕਰਨਾ ਉਨ੍ਹਾਂ ਦੇ ਮੁੱਖ ਏਜੰਡੇ ‘ਚ ਸ਼ਾਮਿਲ ਹੈ ਅਤੇ ਇਸ ਸਬੰਧੀ ਕੋਈ ਢਿੱਲ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਹੀ ਪ੍ਰਮੋਸ਼ਨ ਸੀਟ ਦੇ ਡੀਲਿੰਗ ਹੈਂਡ ਦੀ ਲਿਖਤੀ ਡਿਊਟੀ ਫਿਕਸ ਕਰ ਦਿੱਤੀ ਜਾਵੇਗੀ ਅਤੇ ਭਲਾਈ ਵਿਭਾਗ ਨੂੰ ਲੋੜੀਦਾ ਸਾਰਾ ਰਿਕਾਰਡ ਵੀ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਮੁਸ਼ਕਿਲ ਨੂੰ ਦੂਰ ਕਰਨ ਲਈ ਅੱਜ ਸ਼ਾਮ ਨੂੰ ਹੀ ਉਹ ਭਲਾਈ ਵਿਭਾਗ ਦੇ ਅਫਸਰ ਨਾਲ ਮੀਟਿੰਗ ਕਰਨਗੇ ਅਤੇ ਬਹੁਤ ਹੀ ਜਲਦ ਅਧਿਆਪਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆ।
ਯੂਨੀਅਨ ਆਗੂਆ ਨੇ ਇਹ ਵੀ ਦੱਸਿਆ ਕਿ ਈ.ਟੀ.ਯੂ.ਵੱਲੋਂ ਲਗਾਤਾਰ ਇਸ ਮਸਲੇ ਸਬੰਧੀ ਜਿਲ੍ਹਾ ਸਿਖਿਆ ਅਫਸਰ ਨਾਲ ਸੰਪਰਕ ਰੱਖਿਆ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ,ਨਵਦੀਪ ਸਿੰਘ ਅੰਮ੍ਰਿਤਸਰ,ਸੁਖਦੇਵ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਲਾਲ ਸਿੰਘ ਸੋਹੀ, ਹਰਿੰਦਰਜੀਤ ਸਿੰਘ ਸੰਧੂ ਅਤੇ ਹੋਰ ਆਗੂ ਵੀ ਮੌਜੂਦ ਸਨ।

ਕੈਪਸ਼ਨ : ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੀਟਿੰਗ ਕਰਨ ਮੌਕੇ ਈ.ਟੀ.ਯੂ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਸਤਬੀਰ ਬੋਪਾਰਾਏ,ਗੁਰਿੰਦਰ ਘੁੱਕੇਵਾਲੀ ਤੇ ਹੋਰ ਆਗੂ।