ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੁਲਵੰਤ ਸਿੰਘ ਨੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 19 ਤੋਂ 30 ਸਤੰਬਰ ਤੱਕ 6 ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਸਤੰਬਰ ਨੂੰ ਸੀ.ਟੀ.ਪੌਲੀਟੈਕਨਿਕ ਦੇ ਸ਼ਾਹਪੁਰ ਕੈਂਪਸ , 21 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ.ਮਹਿਤਪੁਰ ਨਕੋਦਰ, 24 ਸਤੰਬਰ ਨੂੰ ਡੇਵੀਅੇਟ, 26 ਸਤੰਬਰ ਨੂੰ ਡੀ.ਏ.ਵੀ.ਯੂਨੀਵਰਸਿਟੀ, 28 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਅਤੇ 30 ਸਤੰਬਰ ਨੂੰ ਉਦਯੋਗ ਸੈਂਟਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ 12000 ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੁੱਲਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਪਹਿਲ ਕਦਮੀ ਦੁਆਰਾ ਹਰ ਘਰ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਸਦਕਾ ਉਦਯੋਗਿਕ ਘਰਾਣਿਆਂ ਵਲੋਂ ਨੌਜਵਾਨਾਂ ਦੀ ਰੋਜਗਾਰ ਲਈ ਚੋਣ ਲਈ ਕਾਲਜ ਕੈਂਪਸਾਂ ਦਾ ਦੌਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੋਜਗਾਰ ਮੇਲੇ ਨੌਜਵਾਨਾ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਜਿਸ ਨਾਲ ਉਹ ਸਵੈਮਾਨ ਨਾਲ ਜੀਵਨ ਬਤੀਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੰਪਨੀਆਂ ਵਲੋਂ ਆਪਣੀ ਉਦਯੋਗਿਕ ਲੋੜ ਅਨੁਸਾਰ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ ਉਥੇ ਨਾਲ ਹੀ ਉਦਯੋਗਿਕ ਘਰਾਣਿਆਂ ਨੂੰ ਹੁਨਰਮੰਦ ਕਾਮੇ ਮਿਲ ਸਕਣਗੇ ਜਿਸ ਨਾਲ ਉਦਯੋਗਾਂ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਇਸ ਮੌਕੇ ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਜਸਵੰਤ ਰਾਏ ਅਤੇ ਹੋਰ ਵੀ ਹਾਜ਼ਰ ਸਨ।