ਫਗਵਾੜਾ (ਸ਼ਿਵ ਕੋੜਾ) 36ਵੇਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਨੂੰ ਸਮਰਪਿਤ ਇਕ ਸੰਖੇਪ ਪ੍ਰੋਗਰਾਮ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਹੈਲਪਿੰਗ ਹੈਂਡ ਕਲੱਬ ਫਗਵਾੜਾ, ਇੰਨਰਵ੍ਹੀਲ ਕਲੱਬ, ਸਪਰੈੱਡ ਰੈੱਡ ਕਲੱਬ ਅਤੇ ਪੁਨਰਜੋਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਡਾ. ਐਸ. ਰਾਜਨ ਨੇ ਸਮੂਹ ਹਾਜਰੀਨ ਅਤੇ ਇਲਾਕਾ ਨਿਵਾਸੀਆਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੁਤਲੀਆਂ ਦੀ ਨੇਤਰਹੀਣਤਾ ਸਿਰਫ ਦਾਨ ਵਿਚ ਮਿਲੀਆਂ ਅੱਖਾਂ ਨਾਲ ਟਰਾਂਸਪਲਾਂਟ ਦੇ ਜਰੀਏ ਹੀ ਦੂਰ ਹੋ ਸਕਦੀ ਹੈ। ਉਹਨਾਂ ਵਲੋਂ ਪੁਨਰਜੋਤ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਦੇ ਅੱਖਾਂ ਦਾਨ ਮਿਸ਼ਨ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਡਾ. ਰਾਜਨ ਅਤੇ ਉਹਨਾਂ ਦੇ ਹਸਪਤਾਲ ਨੂੰ ਵੀ ਕੋਰਨੀਅਲ ਟਰਾਂਸਪਲਾਂਟ ਕਰਨ ਦੀ ਮਾਨਤਾ ਮਿਲ ਚੁੱਕੀ ਹੈ। ਡਾ. ਰਾਜਨ ਵਲੋਂ ਪੁਤਲੀਆਂ ਦੇ ਕਈ ਸਫਲ ਆਪ੍ਰੇਸ਼ਨ ਵੀ ਕੀਤੇ ਜਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਅਸ਼ੋਕ ਮਹਿਰਾ ਨੇ ਆਪਣੀ ਜਿੰਦਗੀ ਦੇ ਅਹਿਮ ਪੜਾਅ ਵਿਚ ਇੰਗਲੈਂਡ ਤੋਂ ਪੰਜਾਬ ਆ ਕੇ ਪਿਛਲੇ 10 ਸਾਲ ਅੱਖਾਂ ਦੇ ਮਰੀਜਾਂ ਦੀ ਸੇਵਾ ਨੂੰ ਸਮਰਪਿਤ ਕੀਤੇ ਜੋ ਕਿ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ। ਅਸ਼ੋਕ ਮਹਿਰਾ ਨੇ ਡਾ. ਐਸ. ਰਾਜਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਭਾਰਤ ਵਿਚ ਰਾਸ਼ਟਰੀ ਨੇਤਰਦਾਨ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਂਦਾ ਹੈ। ਜਿਸ ਦੌਰਾਨ ਸਮਾਜਿਕ ਜੱਥੇਬੰਦੀਆਂ, ਸਰਕਾਰ, ਆਈ ਬੈਂਕ, ਸਿਹਤ ਵਿਭਾਗ ਤੇ ਅੱਖਾਂ ਦੇ ਡਾਕਟਰਾਂ ਵਲੋਂ ਲੋਕਾਂ ਨੂੰ ਅੱਖਾਂ ਦਾਨ ਲਈ ਜਾਗਰੁਕ ਕੀਤਾ ਜਾਂਦਾ ਹੈ। ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾ. ਰਮੇਸ਼ ਦੀ ਅਗਵਾਈ ਹੇਠ ਪੁਨਰਜੋਤ ਦੇ ਕੋਆਰਡੀਨੇਟਰਾਂ ਵਲੋਂ ਅੱਖਾਂ ਦਾਨ ਦਾ ਸੁਨੇਹਾ ਲੱਕਾਂ ਤੱਕ ਪਹੁੰਚਾਉਣ ਲਈ ਬੜੀ ਮਿਹਨਤ ਅਤੇ ਲਗਨ ਨਾਲ ਸੇਵਾ ਚਲ ਰਹੀ ਹੈ। ਪੁਨਰਜੋਤ ਸੰਸਥਾ ਅੱਖਾਂ ਦਾਨ ਕਰਵਾਉਣ ਅਤੇ ਫਰੀ ਪੁਤਲੀਆਂ ਟਰਾਂਸਪਲਾਂਟ ਕਰਨ ਵਿਚ ਉੱਤਰੀ ਭਾਰਤ ਦੀ ਮੋਢੀ ਸਮਾਜਿਕ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਹੁਣ ਤੱਕ ਪੁਨਰਜੋਤ ਵਲੋਂ 7700 ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਡਾ. ਰਮੇਸ਼ ਜੀ ਵਲੋਂ ਪੁਤਲੀਆਂ ਦੇ ਮਰੀਜਾਂ ਦੇ 5300 ਮੁਫਤ ਕੋਰਨੀਆਂ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਅਸ਼ੋਕ ਮਹਿਰਾ ਨੇ ਦੱਸਿਆ ਕਿ ਮਰਨ ਤੋਂ ਬਾਅਦ ਅੱਖਾਂ 6 ਘੰਟੇ ਤੱਕ ਦਾਨ ਹੋ ਸਕਦੀਆਂ ਹਨ। ਜੇਕਰ ਸਮੇਂ ਸਿਰ ਅੱਖਾਂ ਦਾਨ ਹੋ ਜਾਣ ਤਾਂ ਦੋ ਪੁਤਲੀਆਂ ਦੇ ਮਰੀਜਾਂ ਨੂੰ ਰੌਸ਼ਨੀ ਮਿਲ ਸਕਦੀ ਹੈ। ਦੁਨੀਆਂ ਵਿਚ ਪੁਤਲੀਆਂ ਦੇ ਮਰੀਜਾਂ ਦਾ ਟਰਾਂਸਪਲਾਂਟ ਕੇਵਲ ਦਾਨ ਵਿਚ ਆਈਆਂ ਅੱਖਾਂ ਨਾਲ ਹੀ ਸੰਭਵ ਹੈ। ਨੇਤਰਦਾਨ ਦੀ ਜਾਗਰੁਕਤਾ ਨਾ ਹੋਣ ਕਾਰਨ ਭਾਰਤ ਵਿਚ ਲੱਖਾਂ ਅੱਖਾਂ ਹਰ ਸਾਲ ਸੜ ਕੇ ਸੁਆਹ ਹੋ ਜਾਂਦੀਆਂ ਹਨ ਜਾਂ ਮਿੱਟੀ ਵਿੱਚ ਮਿਲ ਜਾਂਦੀਆਂ ਹਨ। ਕਈ ਪੁਤਲੀਆਂ ਦੇ ਨੇਤਰਹੀਣ ਮਰੀਜ ਲੰਬੇ ਸਮੇਂ ਤੋਂ ਹਨੇਰੇ ਵਿਚ ਹੀ ਅੱਖਾਂ ਦਾਨ ਦੀ ਉਡੀਕ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਖੁੱਦ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਮਰਨ ਉਪਰੰਤ ਦਾਨ ਕਰਨ ਦਾ ਇੱਛੁੱਕ ਹੋਵੇ ਤਾਂ ਉਹਨਾਂ ਨਾਲ ਫੋਨ ਨੰਬਰ 9988031433 ਤੇ ਸੰਪਰਕ ਕਰ ਸਕਦਾ ਹੈ। ਇੰਨਰਵ੍ਹੀਲ ਕਲੱਬ ਫਗਵਾੜਾ ਦੇ ਪ੍ਰਧਾਨ ਸਰੀਮਤੀ ਸਰੋਜ ਪੱਬੀ, ਸਾਬਕਾ ਪ੍ਰਧਾਨ ਸ੍ਰੀਮਤੀ ਛਾਬੜਾ, ਮੈਂਬਰ ਜਤਿੰਦਰ ਕੌਰ, ਨੀਰੂ ਚਾਵਲਾ ਅਤੇ ਅੰਜਨਾ ਘਈ ਵਲੋਂ ਅੱਖਾਂ ਦਾਨ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਉਪਰਾਲੇ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵਕ ਹਰਦੀਪ ਸਿੰਘ ਭੋਗਲ, ਮਨੂੰ ਬਾਂਗਾ, ਸਨੀ ਬੱਧਣ ਤੇ ਵਿਕਰਮ ਪਾਲ ਦੀਆਂ ਅੱਖਾਂ ਦਾਨ ਲਈ ਸੇਵਾਵਾਂ ਨੂੰ ਦੇਖਦੇ ਹੋਏ ਪੁਨਰਜੋਤ ਸੰਸਥਾ ਅਤੇ ਇੰਨਰਵ੍ਹੀਲ ਕਲੱਬ ਵਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ। ਡਾ. ਸੀਮਾ ਰਾਜਨ ਨੇ ਦੱਸਿਆ ਕਿ ਜੇਕਰ ਅੱਖਾਂ ਦਾਨ ਦਾ ਪ੍ਰਣ ਪੱਤਰ ਨਾ ਵੀ ਭਰਿਆ ਹੋਵੇ ਤਾਂ ਵੀ ਮਰਨ ਵਾਲੇ ਦੇ ਪਰਿਵਾਰ ਦੇ ਮੈਂਬਰਾਂ ਦੀ ਸਹਿਮਤੀ ਨਾਲ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਸਮੁੱਚੇ ਸਟਾਫ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ। ਸਨੀ ਬੱਧਣ ਵਲੋਂ ਅੱਖਾਂ ਦਾਨ ਦੀ ਮੁਹਿਮ ਵਿਚ ਸਰਕਾਰ ਅਤੇ ਮੀਡੀਆ ਤੋਂ ਵੱਡੇ ਪੱਧਰ ਤੇ ਮੁਹਿਮ ਚਲਾਉਣ ਦੀ ਅਪੀਲ ਕੀਤੀ ਗਈ। ਡਾ. ਰਾਜਨ ਵਲੋਂ ਅੱਖਾਂ ਦਾਨ ਦਾ ਪ੍ਰਣ ਲੈਣ ਵਾਲਿਆਂ ਨੂੰ ਕਾਰਡ ਵੰਡੇ ਗਏ ਅਤੇ ਅੱਖਾਂ ਦਾ ਫਰੀ ਚੈਕਅਪ ਵੀ ਕੀਤਾ ਗਿਆ।