ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਪੀਲ ਨੂੰ ਵੱਡਾ ਹੁੰਗਾਰਾ ਦਿੰਦੇ ਹੋਏ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਜਲੰਧਰ ਵਿਖੇ ਚੱਲ ਰਹੀ ਭਾਰਤੀ ਹਵਾਈ ਫੌਜ ਦੀ ਭਰਤੀ ਦੌਰਾਨ ਵੱਡੀ ਗਿਣਤੀ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਖਾਣਾ,ਪਾਣੀ ਅਤੇ ਰਿਹਾਇਸ਼ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੀ ਪਹਿਲ ਕੀਤੀ ਗਈ ਹੈ।
ਵੱਖ-ਵੱਖ ਧਾਰਿਮਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਏ.ਪੀ.ਗਰਾਊਂਡ ਵਿਖੇ ਚੱਲ ਰਹੀ ਭਾਰਤੀ ਹਵਾਈ ਫੌਜ ਦੀ ਭਰਤੀ ਰੈਲੀ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭਰਤੀ ਰੈਲੀ ਦੌਰਾਨ ਖਾਣਾ, ਪਾਣੀ ਅਤੇ ਰਿਹਾਇਸ਼ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਨੌਜਵਾਨਾਂ ਨੂੰ ਭਰਤੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਇਸ ਲੋੜ ਦੇ ਸਮੇਂ ਵਿੱਚ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਰੂਰਤ ਸਮੇਂ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਸੇਵਾ ਲਈ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋਣ ਲਈ ਆਉਣ ਵਾਲੇ ਨੌਜਵਾਨਾਂ ਲਈ ਇਹ ਸਭ ਤੋਂ ਵੱਡੀ ਸਹੂਲਤ ਸਿੱਧ ਹੋਵੇਗੀਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਅਪੀਲ ਨੂੰ ਹੁੰਗਾਰਾ ਦਿੰਦਿਆਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ , ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ, ਸ੍ਰੀ ਦੇਵੀ ਤਲਾਬ ਮੰਦਿਰ, ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਸਾਹਿਬ ਜਲੰਧਰ ਕੰਨਟੋਨਮੇਂਟ ਬੋਰਡ ਅਤੇ ਹੋਰ ਸੰਸਥਾਵਾਂ ਵਲੋਂ ਵਾਰੋ ਵਾਰੀ ਭਰਤੀ ਰੈਲੀ ਲਈ ਆਉਣ ਵਾਲੇ ਨੌਜਵਾਨਾਂ ਅਤੇ ਉਨਾਂ ਦੇ ਮਾਪਿਆਂ ਨੂੰ ਲੰਗਰ ਰਾਹੀਂ ਭੋਜਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨਾਂ ਵਲੋਂ ਨੌਜਵਾਨਾਂ ਨੂੰ ਭਰਤੀ ਰੈਲੀ ਵਾਲੇ ਸਥਾਨ ’ਤੇ ਲੈ ਕੇ ਆਉਣ ਅਤੇ ਰਿਹਾਇਸ਼ੀ ਸਥਾਨ ’ਤੇ ਲੈ ਕੇ ਜਾਣ ਲਈ ਮੁਫ਼ਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜਸਬੀਰ ਸਿੰਘ , ਉਪ ਮੰਡਲ ਮੈਜਿਸਟਰੇਟ ਸੰਜੀਵ ਸ਼ਰਮਾ, ਤਹਿਸੀਲਦਾਰ ਕੇ.ਐਸ.ਭੁੱਲਰ ਅਤੇ ਹੋਰ ਵੀ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਸ੍ਰ.ਅਜੀਤ ਸਿੰਘ ਸੇਠੀ, ਸ੍ਰੀ ਹਰਪਾਲ ਸਿੰਘ ਚੱਢਾ, ਸ੍ਰੀ ਦਵਿੰਦਰ ਸਿੰਘ ਰਹੇਜਾ, ਸ੍ਰੀ ਗੁਰਬਚਨ ਸਿੰਘ ਜੁਨੇਜਾ, ਸ੍ਰੀ ਤੇਜਿੰਦਰ ਸਿੰਘ ਪਰਦੇਸੀ, ਸ੍ਰੀ ਗੁਰਜੀਤ ਸਿੰਘ, ਸਤਨਾਮੀਆਂ, ਸ੍ਰੀ ਜਤਿੰਦਰ ਸਿੰਘ ਕੋਹਲੀ, ਸ੍ਰੀ ਹਰਪਾਲ ਸਿੰਘ ਪਾਲੀ, ਸ੍ਰੀ ਸੋਮ ਦੱਤ ਕਾਲੀਆ ਅਤੇ ਹੋਰ ਵੀ ਹਾਜ਼ਰ ਸਨ।