ਜਲੰਧਰ, 1 ਅਪ੍ਰੈਲ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ -2020 ਅਧੀਨ ਦੋ ਉਦਯੋਗਾਂ ਮੈ/ਸ ਜੁਨੇਜਾ ਆਇਰਨ ਫਾਰ ਸਕੈਫੋਲਡਿੰਗ ਅਕਸੈਸਰੀਜ਼ ਅਤੇ ਮੈ/ਸ ਵੈਸ਼ਨਵ ਇੰਜੀਨੀਅਰਿੰਗ ਵਰਕਸ ਫਾਰ ਕਾਸਟਿੰਗ ਐਂਡ ਫੋਰਜਿੰਗ ਪ੍ਰੋਡਕਟਸ ਨੂੰ ਸਿਧਾਂਤਕ ਪ੍ਰਵਾਨਗੀ ਸਰਟੀਫਿਕੇਟ ਜਾਰੀ ਕੀਤਾ ।
ਡਿਪਟੀ ਕਮਿਸ਼ਨਰ ਨੇ ਬਿਜ਼ਨਸ ਫਸਟ ਪੋਰਟਲ ‘ਤੇ ਬਿਨੈ ਕਰਨ ਤੋਂ ਬਾਅਦ ਸਕੈਫੋਲਡਿੰਗ ਅਤੇ ਕਾਸਟਿੰਗ ਉਦਯੋਗਾਂ ਨੂੰ ਸ਼ੁਰੂ ਕਰਨ ਲਈ ਦੋਵਾਂ ਉਦਯੋਗਾਂ ਦੇ ਮਾਲਕਾਂ ਨੂੰ ਪ੍ਰਮਾਣ ਪੱਤਰ ਸੌਂਪਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ਪੋਰਟਲ ‘ਤੇ ਨਵਾਂ ਕਾਰੋਬਾਰ ਸਥਾਪਤ ਬਿਨੈ ਕਰਨ ਤੋਂ ਬਾਅਦ ਸਬੰਧਤ ਸਾਰੀਆਂ ਐਨ.ਓ.ਸੀਜ਼ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨਵਾਂ ਕਾਰੋਬਾਰ/ਬਿਜ਼ਨਸ ਸ਼ੁਰੂ ਕਰਨ ਲਈ ਐਨ.ਓ.ਸੀਜ਼ ਸਬੰਧੀ ਸਾਰੀਆਂ ਕਾਰਵਾਈਆਂ ਇਸ ਮਾਧਿਅਮ ਰਾਹੀਂ ਰਿਕਾਰਡ ਸਮੇਂ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨੈਕਾਰ ਨੂੰ ਸਬੰਧਿਤ ਵਿਭਾਗ ਵਲੋਂ ਲੋੜੀਂਦੀ ਐਨ.ਓ.ਸੀ. ਤਿੰਨ ਸਾਲ ਦੇ ਸਮੇਂ ਵਿੱਚ ਪ੍ਰਾਪਤ ਕਰਨੀ ਹੁੰਦੀ ਹੈ ਹਾਲਾਂਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇਸ ਪੋਰਟਲ ਰਾਹੀਂ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਰਾਜ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਅਤੇ ਕਾਰੋਬਾਰ ਆਸਾਨੀ ਨਾਲ ਸ਼ੁਰੂ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਸਰਲਤਾ ਨਾਲ ਪ੍ਰਦਾਨ ਕਰਨ ਲਈ ਇਹ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਨਵੇਂ ਉਦਯੋਗਾਂ ਆਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।
‘ਬਿਜ਼ਨਸ ਫਸਟ ਪੋਰਟਲ’ ਰਾਹੀਂ ਪ੍ਰਵਾਨਗੀ ਸਬੰਧੀ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਦੋਵਾਂ ਉਦਯੋਗਪਤੀਆਂ ਨੇ ਇਸ ਸਕੀਮ ਨੂੰ ਉਦਯੋਗਾਂ ਲਈ ਇਕ ਉਤਸ਼ਾਹਜਨਕ ਕਦਮ ਕਰਾਰ ਦਿੱਤਾ।