
ਜਲੰਧਰ 15 ਮਾਰਚ 2021
ਨਿੱਕੂ ਪਾਰਕ ਦੀ ਸ਼ਾਨ ਦੀ ਮੁੜ ਬਹਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਦੀ ਇਸ ਪ੍ਰਸਿੱਧ ਪਾਰਕ ਦੀ ਨੁਹਾਰ ਬਦਲਣ ਲਈ 12 ਲੱਖ ਰੁਪਏ ਦੀ ਹੋਰ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਕਮੇਟੀ ਮੈਂਬਰ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲ੍ਹਾ ਮੁਖੀ ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਵੀ ਮੌਜੂਦ ਸਨ ਵਲੋਂ ਪਾਰਕ ਦਾ ਦੌਰਾ ਕਰਦਿਆਂ ਕਮੇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਨਿੱਕੂ ਪਾਰਕ ਵਿੱਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਗਰਮੀ ਰੁੱਤ ਦੌਰਾਨ ਪਾਰਕ ਵਿੱਚ ਆਉਣ ਵਾਲੇ ਲੋਕਾਂ ਦਾ ਨਵੀਆਂ ਸਹੂਲਤਾਂ ਨਾਲ ਸਵਾਗਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਰਕ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪਹਿਲੇ ਪੜਾਅ ਅਧੀਨ ਜਾਰੀ ਕੀਤੀ ਗਈ 5 ਲੱਖ ਰੁਪਏ ਦੀ ਗਰਾਂਟ ਦੇ ਵਰਤੋਂ ਸਰਟੀਫਿਕੇਟ ਭੇਜੇ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਲੱਖ ਰੁਪਏ ਦੀ ਇਕ ਹੋਰ ਗਰਾਂਟ ਨਾਲ ਪਾਰਕ ਦੇ ਵੱਡੇ ਵਿਕਾਸ ਕਾਰਜ ਅਤੇ ਮੁਰੰਮਤ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ ਅਤੇ ਕੋਈ ਵੀ ਕੰਮ ਬਕਾਇਆ ਨਹੀਂ ਬਚੇਗਾ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਪਾਰਕ ਵਿਖੇ ਅਨੇਕਾਂ ਵਿਕਾਸ ਕਾਰਜ ਜਿਵੇਂ ਕਿ ਸੀ.ਸੀ.ਟੀ.ਵੀ.ਕੈਮਰੇ ਲਗਾਉਣਾ, ਬੁੱਲ ਰਾਈਡ ਦੀ ਮੁਰੰਮਤ, ਬਾਥਰੂਮਾਂ ਦਾ ਨਵੀਨੀਕਰਨ, ਰੰਗ ਰੋਗਨ ਕਰਵਾਉਣਾ,ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਫਲੈਕਸ ਲਗਾਉਣਾ, ਆਰ.ਓ.ਸਿਸਟਮਜ, ਸੰਗੀਤਮਈ ਫ਼ੁਹਾਰੇ ਦੀ ਮੁਰੰਮਤ, ਕੰਗਾਰੂ ਰਾਈਡ ਦੀ ਮੁਰੰਮਤ ਅਤੇ ਹੋਰ ਵੱਖ-ਵੱਖ ਵਿਕਾਸ ਕਾਰਜ ਸ਼ਾਮਿਲ ਹਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਪਾਰਕ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨਾਲ ਮਨੋਰੰਜਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਪਾਰਕ ਦੀ ਨੁਹਾਰ ਬਦਲਣ ਅਤੇ ਸਾਰੇ ਮੁੱਖ ਝੂਲਿਆਂ ਦੀ ਮੁਰੰਮਤ ਲਈ 5,41,428 ਰੁਪਏ ਦੇ ਫੰਡ ਜਾਰੀ ਕੀਤੇ ਗਏ ਸਨ ਜੋ ਕਰਫ਼ਿਊ/ਲਾਕਡਾਊਨ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਏ ਸਨ।
ਪਾਰਕ ਦੇ ਮੈਨੇਜਰ ਐਸ.ਐਸ.ਸੰਧੂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਨਿੱਕੂ ਪਾਰਕ ਦੀ ਨੁਹਾਰ ਬਦਲਣ ਲਈ ਪਹਿਲੇ ਪੜ੍ਹਾਅ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਮੁਕੰਮਲ ਹੋ ਜਾਣ ਨਾਲ ਲੋਕਾਂ ਦੀ ਆਮਦ ਵਿੱਚ ਵਾਧਾ ਹੋਇਆ ਹੈ ਅਤੇ ਹੁਣ 12 ਲੱਖ ਰੁਪਏ ਦੀ ਹੋਰ ਗਰਾਂਟ ਪਾਰਕ ਵਿਖੇ ਮਨੋਰੰਜਨ ਦੀਆਂ ਗਤੀਵਿਧੀਆਂ ਨੂੰ ਹੋਰ ਬੜਾਵਾ ਦੇਵੇਗੀ।