ਜਲੰਧਰ 17 ਫਰਵਰੀ 2021

ਜ਼ਿਲ੍ਹੇ ਵਿੱਚ ਨਵੇਂ ਬਣੇ 13738 ਵੋਟਰਾਂ ਲਈ ਸ਼ਤ ਪ੍ਰਤੀਸ਼ਤ ਈ-ਐਪਿਕ ਕਾਰਡ ਯਕੀਨੀ ਬਣਾਉਣ ਲਈ ਨਿਸ਼ਚਿਤ ਕੀਤੇ ਗਏ ਟੀਚੇ ਨੂੰ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਵਿਖੇ ਟਾਈਪ-1 ਸੇਵਾ ਕੇਸਂਦਰ ਵਿਖੇ ਈ-ਐਪਿਕ ਕਾਰਡ ਡਾਊਨਲੋਡ ਕਰਨ ਲਈ ਕਿਊਸਿਕ ਸਥਾਪਿਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਨਵੇਂ ਬਣੇ ਵੋਟਰਾਂ ਨੂੰ ਈ-ਐਪਿਕ ਕਾਰਡ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਵਿਖੇ ਵਿਸ਼ੇਸ਼ ਕਿਊਸਿਕ ਸਥਾਪਿਤ ਕੀਤਾ ਗਿਆ ਹੈ ਜਿਥੇ ਨਵੇਂ ਵੋਟਰਾਂ ਦੇ ਮੋਬਾਇਲ ਵਿੱਚ ਈ-ਐਪਿਕ ਕਾਰਡ ਡਾਊਲਲੋਡ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਸਾਰੇ ਨਵੇਂ ਵੋਟਰਾਂ ਨੂੰ 28 ਫਰਵਰੀ 2021 ਤੱਕ ਕਵਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਵੋਟਰ ਵੀ ਇਸ ਸਹੂਲਤ ਦਾ ਪਹਿਲੀ ਮਾਰਚ 2021 ਤੋਂ ਲਾਭ ਉਠਾ ਸਕਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨਰ ਵਲੋਂ ਇਕ ਹੋਰ ਸਕੀਮ ‘ਇਲੈਕਸ਼ਨ ਹੀਰੋ’ ਦੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਕੈਂਪਸ ਅੰਬੈਸਡਰਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਈ-ਐਪਿਕ ਕਾਰਡ ਡਾਊਨਲੋਡ ਕਰਨ ਵਾਲੇ ਕੈਂਪਸ ਅੰਬੈਸਡਰਾਂ ਨੂੰ ਮਹੀਨੇ ਦੇ ਅੰਤ ਵਿੱਚ ‘ਇਲੈਕਸ਼ਨ ਹੀਰੋ’ ਐਲਾਨਿਆ ਜਾਵੇਗਾ ਅਤੇ ਉਨਾਂ ਨੂੰ ਪੰਜਾਬ ਰਾਜ ਦੇ ਆਈਕਨ ਸੋਨੂੰ ਸੂਦ ਜਾਂ ਮੁੱਖ ਚੋਣ ਅਫ਼ਸਰ ਪੰਜਾਬ ਐਸ.ਕਚੁਨਾ ਰਾਜੂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਐਪਿਕ ਕਾਰਡ ਮੁਹਿੰਮ ਤਹਿਤ ਸਾਰੇ ਵੋਟਰ ਫੋਟੋ ਵਾਲਾ ਵੋਟਰ ਪਹਿਚਾਣ ਕਾਰਡ ਦੇ ਇਲੈਕਟਰੋਨਿਕ ਰੂਪ (ਈ-ਐਪਿਕ) ਕਾਰਡ ਨੂੰ ਡਾਊਨਲੋਡ ਕਰ ਸਕਣਗੇ। ਉਨ੍ਹਾਂ ਕਿਹਾ ਕਿ ਈ-ਐਪਿਕ ਕਾਰਡ ਦਾ ਡਿਜੀਟਲ ਰੂਪ ਵੋਟਰ ਹੈਲਪਲਾਈਨ ਐਪ voterportal.eci.gov.in ਅਤੇ nvsp.in ਤੋਂ ਡਾਊਲਲੋਡ ਕੀਤਾ ਜਾ ਸਕਦਾ ਹੈ।

ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਜਿਨਾਂ ਯੋਗ ਆਮ ਵੋਟਰਾਂ ਪਾਸ ਯੋਗ ਐਪਿਕ ਨੰਬਰ ਹੈ ਪਹਿਲੀ ਮਾਰਚ 2021 ਤੋਂ ਈ-ਐਪਿਕ ਕਾਰਡ ਡਾਊਲਲੋਡ ਕਰ ਸਕਣਗੇ ਅਤੇ ਜਿਨਾ ਨੇ ਨਵੰਬਰ ਅਤੇ ਦਸੰਬਰ 2020 ਵਿੱਚ ਅਪਲਾਈ ਕੀਤਾ ਹੈ ਹਾਲੇ ਉਹ ਡਿਜੀਟਲ ਐਪਿਕ ਕਾਰਡ ਪ੍ਰਾਪਤ ਕਰ ਸਕਦੇ ਹਨ।