ਜਲੰਧਰ, 12 ਮਈ
ਟੈਗੋਰ ਹਸਪਤਾਲ ਵੱਲੋਂ ਆਰ.ਟੀ.-ਪੀ.ਸੀ.ਆਰ. ਕੋਵਿਡ ਟੈਸਟ ਲਈ 90 ਤੋਂ ਵੱਧ ਮਰੀਜ਼ਾਂ ਤੋਂ ਗਲਤੀ ਨਾਲ 150 ਰੁਪਏ ਵੱਧ ਵਸੂਲੇ ਗਏ ਸਨ, ਜੋ ਕਿ ਡਿਪਟੀ ਕਮਿਸ਼ਨਰ ਦੇ ਦਖ਼ਲ ਤੋਂ ਬਾਅਦ ਮਰੀਜ਼ਾਂ ਨੂੰ ਵਾਪਸ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਖ-ਵੱਖ ਸੇਵਾਵਾਂ ਲਈ ਫੀਸ ਵਸੂਲਣ ਸੰਬੰਧੀ ਰਾਜ ਸਰਕਾਰ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਇੱਕ ਨਾਗਰਿਕ ਦੁਆਰਾ ਕੀਤੀ ਸ਼ਿਕਾਇਤ ਕਿ ਟੈਗੋਰ ਹਸਪਤਾਲ ਵੱਲੋਂ ਕੋਵਿਡ -19 ਟੈਸਟ ਲਈ 900 ਰੁਪਏ ਵਸੂਲ ਕੀਤੇ ਗਏ ਹਨ ਜਦਕਿ ਸੂਬਾ ਸਰਕਾਰ ਵੱਲੋਂ ਟੈਸਟ ਲਈ 450 ਰੁਪਏ ਤੈਅ ਕੀਤੇ ਗਏ ਹਨ, ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਪਬਲਿਕ ਗਰੀਵਐਂਸ ਅਫ਼ਸਰ ਰਣਦੀਪ ਸਿੰਘ ਗਿੱਲ ਨੂੰ ਜਾਂਚ ਸੌਂਪੀ ਗਈ, ਜਿਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਅਗਲੇਰੀ ਜਾਂਚ ਲਈ ਤਲਬ ਕੀਤਾ ਗਿਆ ਸੀ।
ਥੋਰੀ ਨੇ ਕਿਹਾ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਹਸਪਤਾਲ ਵੱਲੋਂ ਟੈਸਟਾਂ ਲਈ ਸੈਂਪਲ ਇਕੱਤਰ ਕਰਨ ਦੇ ਖਰਚੇ ਸਮੇਤ ਮਰੀਜ਼ਾਂ ਤੋਂ ਗਲਤੀ ਨਾਲ 600 ਤੋਂ 900 ਰੁਪਏ ਲਏ ਗਏ ਹਨ, ਜੋ ਉਨ੍ਹਾਂ ਵੱਲੋਂ 20 ਅਪ੍ਰੈਲ, 2021 ਤੋਂ ਬਾਅਦ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ ਵਾਲੇ ਸਮੂਹ ਮਰੀਜ਼ਾਂ ਨੂੰ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ 90 ਤੋਂ ਵੱਧ ਮਰੀਜ਼ਾਂ ਵੱਲੋਂ ਟੈਸਟ ਲਈ 600 ਰੁਪਏ ਦਾ ਭੁਗਤਾਨ ਕੀਤਾ ਗਿਆ, ਜਿਨ੍ਹਾਂ ਨੂੰ ਵੱਧ ਵਸੂਲੀ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਸਪਤਾਲ ਪ੍ਰਬੰਧਨ ਨੂੰ ਆਰ.ਟੀ.-ਪੀ.ਸੀ.ਆਰ. ਟੈਸਟ ਅਤੇ ਹੋਰ ਕੋਵਿਡ -19 ਨਾਲ ਸਬੰਧਤ ਸੇਵਾਵਾਂ ਸਬੰਧੀ ਸਰਕਾਰੀ ਰੇਟ ਪ੍ਰਦਰਸ਼ਿਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਲੋਕ ਸਰਕਾਰੀ ਰੇਟਾਂ ਬਾਰੇ ਜਾਗਰੂਕ ਹੋ ਸਕਣ।
ਇੱਕ ਹੋਰ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਈਵੇਟ ਲੈਬ ਮੈਸ. ਅਤੁਲਿਆ ਲੈਬਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ, ਜੋ ਕਿ ਪ੍ਰਸ਼ਾਸਨ ਦੀ ਪੜਤਾਲ ਦੌਰਾਨ ਆਰ.ਟੀ.-ਪੀ.ਸੀ.ਆਰ. ਟੈਸਟਾਂ ਵਿੱਚ ਵੱਧ ਵਸੂਲੀ ਕਰਦੇ ਪਾਈ ਗਈ ਹੈ। ਲੈਬ ਵਿਰੁੱਧ ਜਾਂਚ ਪਬਲਿਕ ਗਰੀਵਐਂਸ ਅਫ਼ਸਰ ਸ਼੍ਰੀ ਰਣਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੀ ਮੁੱਢਲੀ ਰਿਪੋਰਟ ਵਿਚ ਕਿਹਾ ਹੈ ਕਿ ਲੈਬ ਵੱਲੋਂ ਸੂਬਾ ਸਰਕਾਰ ਦੁਆਰਾ ਕੋਵਿਡ -19 ਟੈਸਟਾਂ ਲਈ ਤੈਅ ਕੀਤੀ 450 ਰੁਪਏ ਫੀਸ ਨਾਲੋਂ ਵੱਧ ਰਾਸ਼ੀ ਵਸੂਲ ਕੀਤੀ ਜਾ ਰਹੀ ਸੀ। ਸ਼੍ਰੀ ਗਿੱਲ ਨੇ ਅੱਗੇ ਕਿਹਾ ਕਿ ਨਿਰੀਖਣ ਦੌਰਾਨ ਲੈਬ ਵਿਚ ਕੁਝ ਹੋਰ ਖਾਮੀਆਂ ਵੀ ਪਾਈਆਂ ਗਈਆਂ, ਜਿਨ੍ਹਾਂ ਵਿੱਚ ਟੀਕਾਕਰਨ ਲਈ ਕੋਈ ਵੱਖਰਾ ਕਮਰਾ ਨਾ ਹੋਣਾ ਅਤੇ ਬਾਇਓ-ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਢਾਂਚੇ ਦੀ ਘਾਟ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਇਸ ਲੈਬ ਵਿਚ ਵੱਧ ਫੀਸ ਵਸੂਲਣ ਦੇ ਦੂਜੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਡੇ ਲੋਕ ਹਿੱਤ ਵਿਚ ਲੈਬ ਦੇ ਕੁਲੈਕਸ਼ਨ ਸੈਂਟਰ ਦੀ ਮਾਨਤਾ ਨੂੰ ਰੱਦ ਕਰਨ ਲਈ ਸਮਰੱਥ ਅਥਾਰਟੀ ਨੂੰ ਲਿਖਣ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੋਵਿਡ -19 ਨਾਲ ਸਬੰਧਤ ਸੇਵਾਵਾਂ ਸੂਬਾ ਸਰਕਾਰ ਵੱਲੋਂ ਨਿਰਧਾਰਤ ਰੇਟਾਂ ‘ਤੇ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਪੱਸ਼ਟ ਤੌਰ ‘ਤੇ ਕਿਹਾ ਕਿ ਵੱਧ ਫੀਸ ਵਸੂਲਣ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।