ਲੁਧਿਆਣਾ :
ਨਸ਼ੇ ਦੀ ਗ੍ਰਿਫ਼ਤ ਵਿੱਚ ਫਸਿਆ ਪੁਲਿਸ ਦਾ ਡਿਸਮਿਸ ਸਿਪਾਹੀ ਵਰਦੀ ਵਿੱਚ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ। ਲੁਹਾਰਾ ਕਾਲੋਨੀ ਦਾ ਰਹਿਣ ਵਾਲਾ ਡਿਸਮਿਸ ਸਿਪਾਹੀ ਗੁਰਪ੍ਰੀਤ ਸਿੰਘ ਸ਼ਾਮ ਵੇਲੇ ਆਪਣੇ ਸਾਥੀ ਕੁਲਦੀਪ ਸਿੰਘ ਨਾਲ ਸੜਕਾਂ ਤੇ ਉਤਰਦਾ ਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲੈਂਦਾ। ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਡਿਸਮਿਸ ਸਿਪਾਹੀ ਅਤੇ ਸਾਥੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ ਮੋਬਾਈਲ ਫੋਨ ਅਤੇ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਬਰਾਮਦ ਕਰ ਲਿਆ। ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਨਤਾ ਨਗਰ ਦੇ ਰਹਿਣ ਵਾਲੇ ਪਵਨ ਕੁਮਾਰ ਵਰਮਾ ਨੇ ਜਾਣਕਾਰੀ ਦਿੱਤੀ ਕਿ ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਉਹ ਜਨਤਾ ਨਗਰ ਚੌਕ ਵਿੱਚ ਮੌਜੂਦ ਸੀ। ਇਸ ਦੌਰਾਨ ਦੋ ਵਿਅਕਤੀ ਆਏ, ਜਿਨ੍ਹਾਂ ਨੇ ਪਵਨ ਕੋਲੋਂ ਮੋਬਾਈਲ ਫੋਨ ਲੁੱਟ ਲਿਆ। ਦੋਵੇਂ ਮੁਲਜ਼ਮ ਨਕਾਬਪੋਸ਼ ਸਨ ਤੇ ਉਨ੍ਹਾਂ ਚੋਂ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਤੁਰੰਤ ਮਾਮਲਾ ਦਰਜ ਕੀਤਾ ਅਤੇ ਪੜਤਾਲ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਚੋਂ ਇੱਕ ਮੁਲਜ਼ਮ ਪੁਲਿਸ ਦਾ ਡਿਸਮਿਸ ਸਿਪਾਹੀ ਗੁਰਪ੍ਰੀਤ ਸਿੰਘ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਡਿਸਮਿਸ ਸਿਪਾਹੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕੀਤਾ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਉਮੀਦ ਹੈ ਕਿ ਦੌਰਾਨੇ ਪੁੱਛ ਗਿੱਛ ਕਈ ਹੋਰ ਖੁਲਾਸੇ ਹੋ ਸਕਦੇ ਹਨ। ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਕਬਜ਼ੇ ਚੋਂ ਪੁਲਸ ਦੀ ਵਰਦੀ ਵੀ ਬਰਾਮਦ ਕਰ ਲਈ ਹੈ ।
30 ਮਈ ਨੂੰ ਕੀਤਾ ਗਿਆ ਸੀ ਡਿਸਮਿਸ
ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਪਾਹੀ ਗੁਰਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ। ਉਹ ਅਕਸਰ ਡਿਊਟੀ ਤੋਂ ਗ਼ੈਰ ਹਾਜ਼ਰ ਰਹਿੰਦਾ ਸੀ।ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਸਿਪਾਹੀ ਗੁਰਪ੍ਰੀਤ ਸਿੰਘ ਨੂੰ 30 ਮਈ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ। ਡਿਸਮਿਸ ਹੋਣ ਤੋਂ ਬਾਅਦ ਮੁਲਜ਼ਮ ਪੁਲਿਸ ਦੀ ਵਰਦੀ ਵਿਚ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ।