ਜਲੰਧਰ :- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੋਮਵਾਰ ਨੂੰ ਨੌਜਵਾਨਾਂ ਨੂੰ ਜ਼ਮੀਨੀ ਪੱਧਰ ‘ਤੇ ਲੋਕਤੰਤਰ ਦੀ ਮਜ਼ਬੂਤੀ ਲਈ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਤਾਕੀਦ ਕੀਤੀ। ਅੱਜ ਰਾਸ਼ਟਰੀ ਵੋਟਰ ਦਿਵਸ ਦੇ ਯਾਦਗਾਰੀ ਸਮਾਰੋਹ ਦੌਰਾਨ ਸਥਾਨਕ ਐਚਐਮਵੀ ਕਾਲਜ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨਾਲ ਹੀ ਇਕ ਚੰਗੀ ਸਰਕਾਰ ਬਣਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਜਸਬੀਰ ਸਿੰਘ ਅਤੇ ਏਸੀਏ ਪੁੱਡਾ ਅਨੁਪਮ ਕਲੇਰ ਵੀ ਮੌਜੂਦ ਸਨ। ਥੋਰੀ ਨੇ ਕਿਹਾ ਕਿ ਇਸ ਲਈ ਨੌਜਵਾਨਾਂ ਨੂੰ ਜਾਤ-ਪਾਤ, ਰੰਗ ਤੇ ਨਸਲ ਦੀਆਂ ਸੌੜੀਆਂ ਵਲੱਗਣਾਂ ਤੋਂ ਉਪਰ ਉੱਠ ਕੇ ਵੋਟਰ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ’ਤੇ ਜ਼ੋਰ ਦੇਣ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਹੇਠਲੇ ਪੱਧਰ ਤੱਕ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ ਅਤੇ ਨੌਜਵਾਨ ਰਾਸ਼ਟਰੀ ਸੇਵਾ ਦੇ ਇਸ ਕਾਰਜ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਰੁੱਟੀਆਂ ਰਹਿਤ ਵੋਟਰ ਸੂਚੀਆਂ ਲੋਕਤੰਤਰੀ ਪ੍ਰਕਿਰਿਆ ਦਾ ਅਧਾਰ ਹਨ ਅਤੇ ਇਕ ਲੋਕਤੰਤਰੀ ਰਾਸ਼ਟਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਅਸਲ ਮਾਪਦੰਡ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨਰ ਵਲੋਂ ਦਰੁੱਸਤ ਵੋਟਰ ਸੂਚੀਆਂ ਤਿਆਰ ਕਰਨ ਅਤੇ ਇਨ੍ਹਾਂ ਵਿੱਚ ਸੋਧ ਲਈ ਸਮੇਂ ਅਤੇ ਬਿਨਾਂ ਦੇਰੀ ਦੇ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਸਦਕਾ ਕਈ ਉੱਨਤ ਅਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਅਪਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣ ਦੀ ਆਪਣੀ ਮਹੱਤਤਾ ਹੈ ਕਿਉਂਕਿ ਇਸ ਨੇ ਲੋਕਤੰਤਰੀ ਪ੍ਰਕਿਰਿਆ ਵਿਚ ਵੱਧ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ। ਥੋਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਦੇਸ਼ ਦੇ ਨਾਗਰਿਕਾਂ ਦੇ ਲੋਕਤੰਤਰੀ ਹੱਕਾਂ ਦੀ ਰਾਖੀ ਲਈ ਰਾਖੇ ਵਜੋਂ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਈ-ਈ.ਪੀ.ਆਈ.ਸੀ. ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਅਧੀਨ ਵੋਟਰ ਇਲੈਕਟਰਜ਼ ਫੋਟੋ ਸ਼ਨਾਖਤੀ ਕਾਰਡ ਦੇ ਇਲੈਕਟ੍ਰਾਨਿਕ ਵਰਜ਼ਨ (ਈ-ਈਪੀਆਈਸੀ) ਡਾਊਨਲੋਡ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਈਪੀਆਈਸੀ ਦਾ ਡਿਜੀਟਲ ਵਰਜ਼ਨ ਵੋਟਰ ਹੈਲਪਲਾਈਨ ਐਪ, voterportal.eci.gov.in ਅਤੇ nvsp.in ਤੇ ਡਾਊਨਲੋਡ ਕਰਨ ਲਈ ਉਪਲਬੱਧ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਆਮ ਵੋਟਰ, ਜਿਨ੍ਹਾਂ ਕੋਲ ਉਚਿਤ ਈਪੀਆਈਸੀ ਨੰਬਰ ਹਨ, ਉਹ 1 ਫਰਵਰੀ ਤੋਂ ਈ-ਈਪੀਆਈਸੀ ਡਾਊਨਲੋਡ ਕਰ ਸਕਣਗੇ ਅਤੇ ਜਿਨ੍ਹਾਂ ਨੇ ਨਵੰਬਰ ਅਤੇ ਦਸੰਬਰ 2020 ਵਿੱਚ ਅਪਲਾਈ ਕੀਤਾ ਸੀ, ਉਹ 31 ਜਨਵਰੀ ਤੱਕ ਆਪਣੇ ਡਿਜੀਟਲ ਈਪੀਆਈਸੀ ਡਾਊਨਲੋਡ ਕਰ ਸਕਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਾਂ ਦੌਰਾਨ ਨੈਤਿਕ ਮਤਦਾਨ ਦਾ ਪ੍ਰਣ ਲਿਆ। ਉਨ੍ਹਾਂ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਵੋਟਰ ਜਾਗਰੂਕਤਾ ਵਿਚ ਵੱਡਮੁੱਲੀਆਂ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਪਤਵੰਤਿਆਂ ਦਾ ਕਾਲਜ ਵਿੱਚ ਆਉਣ ‘ਤੇ ਸਵਾਗਤ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਕੁਮਾਰ ਸ਼ਰਮਾ ਅਤੇ ਡਾ. ਜੈ ਇੰਦਰ ਸਿੰਘ, ਸਹਾਇਕ ਨੋਡਲ ਅਫ਼ਸਰ ਸਵੀਪ ਸੁਰਜੀਤ ਲਾਲ, ਚੋਣ ਕਾਨੂੰਨਗੋ ਰਾਕੇਸ਼ ਅਰੋੜਾ ਅਤੇ ਹੋਰ ਮੌਜੂਦ ਸਨ।