ਚੰਡੀਗੜ੍ਹ,:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੂੰ ਐਲਾਨ ਕੀਤਾ ਕਿ ਜੇ ਮੰਗਲਵਾਰ ਤਕ ਬੇਕਸੂਰ ਕਿਸਾਨਾਂ ਦੇ ਵਹਿਸ਼ੀ ਕਤਲ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖੀ ਗਈ ਕਿਸਾਨਾਂ ਦੇ ਹੱਕਾਂਲਈ ਲੜ ਰਹੀ ਕਾਂਗਰਸ ਆਗੂ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਰਿਹਾ ਨਾ ਕੀਤਾ ਗਿਆ ਤਾਂਪੰਜਾਬ ਕਾਂਗਰਸ ਲਖ਼ੀਮਪੁਰ ਖ਼ੀਰੀ ਵੱਲ ਮਾਰਚ ਕਰੇਗੀ।
ਇਹ ਐਲਾਨ ਅੱਜ ਸ: ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ’ਤੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਵੱਲੋਂ ਉੱਤਰ ਪ੍ਰਦੇਸ਼ ਦੇ ਲਖ਼ੀਮਪੁਰ ਖ਼ੀਰੀ ਵਿਖ਼ੇ ਕਥਿਤ ਤੌਰ ’ਤੇ ਆਪਣੀ ਥਾਰ ਗੱਡੀ ਦੇ ਹੇਠ ਕਈ ਕਿਸਾਨ ਕੁਚਲ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਸੀ।
ਇਸੇ ਦੌਰਾਨ ਲਖ਼ੀਮਪੁਰ ਖ਼ੀਰੀ ਜਾ ਕੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨਾ ਚਾਹੁੱਦੀ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਸ੍ਰੀਮਤੀ ਪਿਅੰਕਾ ਗਾਂਧੀ ਵਾਡਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਇਕ ਗੈਸਟ ਹਾਊਸ ਵਿੱਚ ਰੱਖ਼ਿਆ ਗਿਆ ਹੈ। ਹੁਣ ਮੰਗਲਵਾਰ ਨੂੰ ਉਨ੍ਹਾਂ ’ਤੇ ਬਕਾਇਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਪਾ ਲਈ ਗਈ ਹੈ।