ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਵੱਲੋ “ਰੂਟਸ” ਦੀ ਸਾਂਝੇਦਾਰੀ ਨਾਲ “ਪੰਜਾਬੀ ਭਾਸ਼ਾ ਦਾ ਵਿਕਾਸ” ਵਿਸ਼ੇ ਤੇ ਇੱਕ ਰੋਜ਼ਾ ਸੂਬਾ ਪੱਧਰੀ ਸੰਮੇਲਨ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਦੇ ਵਿਸ਼ੇਸ ਯਤਨਾਂ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਦੇ ਰੂਪ ਵਿਚ ਡਾ. ਜੋਗਾ ਸਿੰਘ ਵਿਰਕ, ਸ. ਗੁਰਪ੍ਰੀਤ ਸਿੰਘ ਘੁੱਗੀ, ਡਾ. ਪੰਡਿਤ ਰਾਓ ਧਰਨੇਵਰ ਅਤੇ ਡਾ. ਸਿਕੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸੰਮੇਲਨ ਨੂੰ ਸ. ਅਕਾਸ਼ਦੀਪ ਸਿੰਘ (ਰੂਟਸ ਪ੍ਰਧਾਨ) ਅਤੇ ਕਮਲਜੀਤ ਕੌਰ,ਜਨਰਲ ਸੈਕਟਰੀ, ਰੂਟਸ ਨੇ ਚਲਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਜੋ ਖੁਦ ਪੰਜਾਬੀ ਵਿਸ਼ੇ ਦੇ ਪ੍ਰੋਫੇਸਰ ਰਹੇ ਹਨ ਅਤੇ ਉੱਘੀ ਕਵਿਤਰੀ ਹੋਣ ਦੇ ਨਾਲ–ਨਾਲ ਵਿਭਿੰਨ ਖੇਤਰਾਂ ਨਾਲ ਸੰਬੰਧਿਤ ਭਖਵੇ ਮਸਲਿਆਂ ਨੂੰ ਉਘਾਰਣ ਵਾਲੀ ਇਨਕਲਾਬੀ ਲੇਖਿਕਾਂ ਵੀ ਹੈ। ਉਹਨਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅੱਜ ਦੇ ਸੰੰਮੇਲਨ ਦੇ ਵਿਸ਼ੇ ਨੂੰ ਵਿਚਾਰ ਚਰਚਾ ਅਧੀਨ ਲਿਆਉਣਾ ਸ਼ਲਾਘਾਯੋਗ ਕਦਮ ਕਿਹਾ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਸੰਬੰਧੀ ਸ਼ਵੇਦਨਸ਼ੀਲ ਮਸਲੇ ਅੱਜ ਤੱਕ ਬੁਧੀਜੀਵੀਆਂ ਵੱਲੋਂ ਹੀ ਹੱਲ ਹੋਏ ਹਨ। ਇਸ ਮੋਕੇ ਡਾ. ਸਿਕੰਦਰ ਸਿੰਘ ਨੇ ਪੰਜਾਬੀ ਮਾਂ ਬੋਲੀ ਦਾ ਮੁੱਢ ਤੇ ਪ੍ਰਾਪਤੀ ਵਿਸ਼ੇ ਉੱਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਚਾਨਣਾ ਪਾਇਆ। ਡਾ. ਜੋਗਾ ਸਿੰਘ ਵਿਰਕ ਨੇ ਪੰਜਾਬੀ ਬੋਲੀ ਦੀ ਮਹੱਤਤਾ ਅਤੇ ਚੁਣੋਤੀਆਂ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ। ਡਾ. ਪੰਡਿਤ ਰਾਓ ਧਰੇਨਵਰ ਨੇ ਪੰਜਾਬੀ ਭਾਸ਼ਾ ਵਿਚ ਆ ਰਹੇ ਨਿਘਾਰ ਦੇ ਕਾਰਨਾ ਨੂੰ ਦੱਸਿਆ ਅਤੇ ਇਸ ਦੀ ਸੀਥਤੀ ਵਿਚ ਸੁਧਾਰ ਲਿਆਉਣ ਲਈ ਬਹੁਤ ਸਾਰੇ ਖੇਤਰਾਂ ਨੂੰ ਆਪਣੇ ਮੂਲ ਵੱਲ ਮੁੜਨ ਦਾ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ਬਾਕੀ ਭਾਸ਼ਾ ਤੋਂ ਪੰਜਾਬੀ ਵਿਚ ਅਨੁਵਾਦ ਕਰਕੇ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਕੇ ਪੰਜਾਬੀ ਸੰਗੀਤਕਾਰੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜ ਕੇ ਕੁਝ ਸੁਧਾਰ ਹੋਣੇ ਸੰਭਵ ਹਨ। ਸ. ਗੁਰਪ੍ਰੀਤ ਸਿੰਘ ਘੁੱਗੀ ਨੇ ਕਲਾਕਾਰਾਂ, ਕਲਾਕਾਰੀ ਮੰਚ ਅਤੇ ਤਕਨੀਕੀ ਸੰਚਾਰ ਸਾਧਨਾ ਦਾ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਕਦਮਾਂ ਨੂੰ ਪ੍ਰਗਟਾਇਆ। ਸੰਮੇਲਨ ਦੇ ਅੰਤ ਵਿਚ ਪਿੰ੍ਰਸੀਪਲ ਡਾ. ਨਵਜੋਤ ਜੀ ਨੇ ਇਸ ਸੰਸਥਾ ਵਿਚ ਰਲ ਬੈਠ ਕੇ ਵਿਚਾਰ ਸਾਂਝੇ ਕਰਨ ਲਈ ਸਮੂਹ ਬੁੱਧੀਜੀਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਸੰਸਥਾ “ਰੂਟਸ” ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।