ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਦੋ ਰੋਜ਼ਾ ਮਿਤੀ 13 ਦਸੰਬਰ 2019 ਅਤੇ 14 ਦਸੰਬਰ 2019 ਨੂੰ “ਕਾਫਲਾ ਕਲਮਾਂ ਦਾ” ਸਿਰਲੇਖ ਹੇਠ ਮਹਾਂ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿਚ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਦੇਸ਼ ਭਰ ਦੀਆਂ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੁੜੀਆਂ ਸਿਰਮੌਰ ਵਿਦਵਾਨ ਤੇ ਸਾਹਿਤਕਾਰ ਹਸਤੀਆਂ ਨੇ ਸਮੂਲੀਅਤ ਕੀਤੀ। ਇਸ ਇਕੱਠ ਵਿਚ ਪਹਿਲੇ ਦਿਨ ਮੁੱਖ ਮਹਿਮਾਨ ਦੇ ਰੂਪ ਵਿਚ ਪਦਮ ਸ਼੍ਰੀ ਸੁਰਜੀਤ ਪਾਤਰ, ਡਾ. ਐੱਸ. ਪੀ. ਸਿੰਘ (ਸਾਬਕਾ ਵਾਈਸ ਚਾਂਸਲਰ ਜੀ.ਐਨ.ਡੀ.ਯੂ), ਸ਼੍ਰੀ ਵਰਿੰਦਰ ਕੁਮਾਰ ਡਿਪਟੀ ਕਮਿਸ਼ਨਰ ਜਲੰਧਰ, ਇਕਬਾਲ ਸਿੰਘ ਸਹੋਤਾ ਡੀ.ਜੀ.ਪੀ., ਡਾ. ਸਤੀਸ਼ ਵਰਮਾ, ਡਾ. ਜੋਗਾ ਸਿੰਘ, ਡਾ. ਸੁਖਵਿੰਦਰ ਸਿੰਘ ਸੰਘਾ, ਸ. ਬੂਟਾ ਸਿੰਘ ਬਰਾੜ, ਡਾ. ਪਰਮਜੀਤ ਢੀਂਗਰਾ, ਪ੍ਰੋ. ਗੁਰਭਜਨ ਗਿੱਲ, ਰਜਿੰਦਰਪਾਲ ਬਰਾੜ, ਪਰਮਜੀਤ ਪਰਵਾਨਾ, ਵਰਿੰਦਰ ਕੁਮਾਰ ਸ਼ਰਮਾ ਡੀ.ਸੀ. ਜਲੰਧਰ, ਡਾ. ਹਰਚੰਦ ਸਿੰਘ ਬੇਦੀ, ਸ. ਅਮਰਜੀਤ ਵੜੈਚ, ਡਾ. ਭੁਪਿੰਦਰ ਬੱਤਰਾ, ਡਾ. ਰਜਿੰਦਰ ਸਿੰਘ ਬਰਾੜ, ਡਾ. ਯੋਗਰਾਜ, ਸ਼੍ਰੀ. ਨਵਨੀਤ ਸ਼ਰਮਾ, ਡਾ. ਆਤਮ ਰੰਧਾਵਾ, ਅਮੋਲਕ ਸਿੰਘ, ਡਾ. ਸਰਬਜੀਤ ਕੌਰ ਸੋਹਲ, ਸ਼੍ਰੀ ਨੀਰਜ਼ ਸ਼ਰਮਾ, ਪ੍ਰੋ. ਕਮਲਦੀਪ ਸਿੰਘ(ਡੀ.ਏ.ਵੀ.ਕਾਲਜ, ਜਲੰਧਰ), ਪ੍ਰੋ. ਜਸਵੰਤ ਜਫਰ, ਡਾ. ਗੋਪਾਲ ਬੁੱਟਰ, ਪ੍ਰੋ. ਕਮਲਜੀਤ ਸਿੰਘ ਦੀਪਾ, ਇੰਜ. ਸੀਤਲ ਸਿੰਘ ਸੰਘਾ, ਪ੍ਰਿੰਸੀਪਲ ਜਸਪਾਲ ਸਿੰਘ, ਸ਼੍ਰੀ ਅਮਿਤ ਸ਼ਰਮਾ, ਵਿਜੈ ਸ਼ਰਮਾ ਡੀ.ਐਸ. ਪੀ. ਜੇ ਐਸ ਪਠਾਣੀ, ਡਾ. ਤੇਜਿੰਦਰ ਵਿਰਲੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰੰਪਰਾ ਅਨੁਸਾਰ ਸ਼ਬਦ ਕੀਰਤਨ ਉਪਰੰਤ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ, ਸ. ਜਸਪਾਲ ਸਿੰਘ ਵੜੈਚ ਕਾਲਜ, ਮੋਹਿੰਦਰ ਕੁਮਾਰ(ਸੀ. ਜੀ. ਐਮ., ਜਾਗਰਣ ਪ੍ਰਕਾਸ਼ਨ ਲਿਮਟਿਡ, ਗ੍ਰੇਟਰ ਪੰਜਾਬ ਅਤੇ ਵਰਿੰਦਰ ਵਾਲੀਆ (ਸੰਪਾਦਕ, ਪੰਜਾਬੀ ਜਾਗਰਣ) ਅਤੇ ਪ੍ਰਿੰਸੀਪਲ ਡਾ. ਨਵਜੋਤ ਨੇ ਮੁੱਖ ਮਹਿਮਾਨਾਂ ਨਾਲ ਮਿਲਕੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਅਗਾਜ਼ ਕੀਤਾ ਅਤੇ ਸਮੂਹ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਿਹਾ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਪੰਜਾਬੀ ਭਾਸ਼ਾ ਪ੍ਰੇਮੀ, ਲੇਖਕਾਂ, ਵਿਦਿਵਾਨਾਂ ਅਤੇ ਕਲਾਕਾਰਾਂ ਨੂੰ ਸਿਰ ਨਾਲ ਸਿਰ ਜੋੜ ਕੇ ਮਸਲਤ ਕਰਨ ਲਈ ਅੱਜ ਸਾਂਝਾ ਮੰਚ ਦਿੱਤਾ ਗਿਆ ਹੈ ਜਿਥੇ ਮਾਂ ਬੋਲੀ ਦੀ ਦਸ਼ਾ, ਦਿਸ਼ਾ, ਭੱਵਿਖਮੁਖੀ ਸੰਭਾਵਨਾਵਾਂ ਅਤੇ ਚੁਣੌਤੀਆਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਯੋਜਨਾ ਤਿਆਰ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵੱਡੇ ਪੱਧਰ ਤੇ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸੰਮੇਲਨ ਦਾ ਨਤੀਜਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਪ੍ਰਫੁੱਲਤ ਪੰਜਾਬੀ ਭਾਸ਼ਾ ਸਾਹਿਤ ਤੇ ਕਲਾ ਨਾਲ ਜੋੜਨ ਲਈ ਅਤਿਅੰਤ ਉਪਯੋਗੀ ਹੋਵੇਗਾ। ਉਹਨਾਂ ਵਿਦਿਆਰਥਣਾਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਸੋਚ ਅਤੇ ਸੁਪਨਿਆਂ ਨੂੰ ਮਾਂ ਬੋਲੀ ਵਿਚ ਹੀ ਉੱਚੀ ਪਰਵਾਜ਼ ਦੇ ਸਕਣਗੀਆਂ।
ਇਸ ਪਹਿਲੇ ਦਿਨ ਦਾ ਸੰਮੇਲਨ ਚਾਰ ਸੈਸ਼ਨਾਂ ਵਿਚ ਨੇਪਰੇ ਚੜ੍ਹਿਆ ਜਿਸ ਵਿਚ ਖਾਸ ਕਰ ਟਕਸਾਲੀ ਭਾਸ਼ਾ ‘ਤੇ ਦੂਜੀਆਂ ਭਾਸ਼ਾਵਾਂ ਦਾ ਪ੍ਰਭਾਵ ਬਾਲੀਵੁਡ ‘ਚ ਪੰਜਾਬੀਆਂ ਦਾ ਯੋਗਦਾਨ ਪਰਵਾਸੀ ਪੰਜਾਬੀ ਸਾਹਿਤ ਪੰਜਾਬੀ ਦਾ ਕਰਾਂਤੀਕਾਰ ਸਾਹਿਤ ਆਦਿ ਤੇ ਭਰਪੂਰ ਚਰਚਾ ਹੋਈ। ਜਿਨ੍ਹਾਂ ਦੀ ਆਪੋ–ਆਪਣੀ ਵੱਖਰੀ ਨਿਵੇਕਲਤਾ ਸੀ। ਉਦਘਾਟਨੀ ਸੈਸ਼ਨ ਵਿਚ ਇਕਬਾਲਪ੍ਰੀਤ ਸਿੰਘ ਸਹੋਤਾ, ਡੀ. ਜੀ. ਪੀ. ਨੇ ਇਸ ਸੰਮੇਲਨ ਸੰਬੰਧੀ ਉਦਘਾਟਨੀ ਭਾਸ਼ਨ ਦਿੱਤਾ। ਪ੍ਰਧਾਨਗੀ ਮੰਡਲ ਮੈਂਬਰ ਡਾ. ਐਸ.ਪੀ. ਸਿੰਘ ਨੇ ਸੰਮੇਲਨ ਦੀ ਰੂਪ ਰੇਖਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਪਹਿਲੇ ਸੈਸ਼ਨ ਵਿਚ ਭਾਸ਼ਾ ਦਾ ਬਦਲਦਾ ਸਰੂਪ ਚਰਚਾ ਦਾ ਕੇਂਦਰ ਰਿਹਾ। ਵਿਸ਼ਾ ਮਾਹਰ ਡਾ. ਜੋਗਾ ਸਿੰਘ , ਡਾ. ਸੁਖਵਿੰਦਰ ਸਿੰਘ ਸੰਘਾ ਤੇ ਬੂਟਾ ਸਿੰਘ ਬਰਾੜ ਨੇ “ਟਕਸਾਲੀ ਭਾਸ਼ਾ ਉੱਤੇ ਦੂਜੀਆਂ ਭਾਸ਼ਾਵਾਂ ਦਾ ਪ੍ਰਭਾਵ” ਸੰਬੰਧੀ ਸੰਵਾਦ ਕੀਤਾ। ਡਾ. ਪਰਮਜੀਤ ਢੀਂਗਰਾਂ ਅਤੇ ਡਾ. ਤੇਜਿੰਦਰ ਵਿਰਲੀ ਨੇ ਸੰਚਾਲਕ ਵਜੋ ਭੁੂਮਿਕਾ ਨਿਭਾਈ। ਦੂਸਰੇ ਸੈਸ਼ਨ ਵਿਚ ਬਾਲੀਵੁੱਡ ਸਿਨਮੇ ਵਿਚ ਪੰਜਾਬੀਆਂ ਦਾ ਯੋਗਦਾਨ ਵਿਸ਼ੇ ਉੱਤੇ ਚਰਚਾ ਕੀਤੀ ਗਈ ।ਇਸ ਚਰਚਾ ਅਧੀਨ ਸਾਹਿਰ ਲੁਧਿਆਣਵੀ, ਚੋਪੜਾ ਅਤੇ ਧਰਮਿੰਦਰ ਪਰਿਵਾਰ ਦੇ ਨਾਲ ਮਹੁੰਮਦ ਰਫ਼ੀ ਜੀ ਵਰਗੀਆਂ ਮਹਾਨ ਪੰਜਾਬੀ ਅਦਾਕਾਰ ਸ਼ਖਸੀਅਤਾਂ ਦੀਆਂ ਕਾਰਗੁਜਾਰੀਆਂ ਨੂੰ ਪੇਸ਼ ਕੀਤਾ ਗਿਆ ।
ਇਸ ਵਿਸ਼ੇ ਉੱਤੇ ਵਿਸ਼ੇਸ਼ ਤੌਰ ਤੇ ਪ੍ਰੋ. ਗੁਰਭਜਨ ਗਿੱਲ, ਰਜਿੰਦਰਪਾਲ ਬਰਾੜ ਅਤੇ ਪਰਮਜੀਤ ਪਰਵਾਨਾ ਨੇ ਗੱਲਬਾਤ ਕੀਤੀ। ਸੰਚਾਲਕ ਡਾ. ਸਤੀਸ਼ ਕੁਮਾਰ ਵਰਮਾ ਪੰਜਾਬੀ ਨਾਟਕ, ਗੰਗਮੰਚ ਅਤੇ ਬਾਲੀਵੁੱਡ ਤੱਕ ਦੇ ਸਫ਼ਰ ਨੂੰ ਸੰਖੇਪ ਵਿਚ ਬਿਆਨ ਕੀਤਾ।
ਤੀਜਾ ਸੈਸ਼ਨ:- ਪਰਵਾਸੀ ਪੰਜਾਬੀ ਸਾਹਿਤ ਉੱਤੇ ਚਰਚਾ ਕਰਨ ਸੰਬੰਧੀ ਕੇਂਦਰਿਤ ਰਿਹਾ ਜਿਸਦੇ ਸੰਚਾਲਕ ਡਾ. ਐਸ.ਪੀ ਸਿੰਘ ਸਨ। ਡਾ. ਹਰਚੰਦ ਸਿੰਘ ਬੇਦੀ, ਅਮਰਜੀਤ ਵੜੈਚ, ਡਾ. ਭੁਪਿੰਦਰ ਪੱਤਰਾ ਅਤੇ ਡਾ. ਅਕਾਲ ਅੰਮ੍ਰਿਤ ਕੌਰ (ਮੁਖੀ ਪੰਜਾਬੀ ਵਿਭਾਗ,ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ) ਨੇ ਪਰਵਾਸੀ ਪੰਜਾਬੀ ਸਾਹਿਤ ਦੇ ਨਵੇਂ ਦਿਸਹੱਦਿਆਂ ਨੂੰ ਅਲਾਪਿਆ। ਇਸ ਰਾਹੀਂ ਦਰਪੇਸ਼ ਨਵੇਂ ਸੱਮਸਿਆਗਤ ਵਿਸ਼ਿਆਂ ਨੂੰ ਉਘਾੜਿਆ ਪਰ ਨਾਲ ਹੀ ਪੰਜਾਬੀ ਸਾਹਿਤ ਦੇ ਵਿਸਥਾਰ ਨੂੰ ਦ੍ਰਿਸ਼ਟੀ ਗੋਚਰ ਕੀਤਾ।
ਚੋਥੇ ਸੈਸ਼ਨ:- ਚੌਥੇ ਸੈਸ਼ਨ ਵਿਚ ਪੰਜਾਬੀ ਦੇ ਕ੍ਰਾਂਤੀਕਾਰੀ ਸਾਹਿਤ ਨੂੰ ਵਿਚਾਰਿਆ ਗਿਆ। ਵਿਸ਼ਾ ਮਾਹਿਰਾਂ ਦੇ ਰੂਪ ਵਿਚ ਮੌਜੂਦ ਡਾ. ਰਜਿੰਦਰ ਸਿੰਘ ਬਰਾੜ, ਡਾ. ਯੋਗਰਾਜ, ਸ਼੍ਰੀ ਨਵਨੀਤ ਸ਼ਰਮਾ, ਡਾ. ਆਤਮ ਰੰਧਾਵਾ ਤੇ ਅਮਲੋਕ ਸਿੰਘ ਨੇ ਪਦਮ ਸ਼੍ਰੀ ਸੁਰਜੀਤ ਪਾਤਰ ਅਤੇ ਸੰਤ ਰਾਮ ਉਦਾਸੀ ਜਿਹੇ ਸਿਰਮੋਰ ਕਵੀਆਂ ਦੀਆਂ ਰਚਨਾਵਾਂ ਨੂੰ ਚਰਚਾ ਅਧੀਨ ਲਿਆਦਾ ਉਹਨਾਂ ਇਹਨਾਂ ਰਚਨਾਵਾਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਲਈ ਵੱਡਾ ਖ਼ਜ਼ਾਨਾ ਹੀ ਨਹੀਂ ਬਲਕੇ ਸਮਾਜ ਨੂੰ ਨਵੀਂ ਵਿਚਾਰਧਾਰਾ, ਨਵੀ ਸੇਧ ਦੇਣ ਵਜੋਂ ਵਿਲੱਖਣ ਸਾਹਿਤ ਕਿਹਾ ਇਸਦੇ ਸੈਸ਼ਨ ਦੇ ਸੰਚਾਲਕ ਡਾ. ਸਰਬਜੀਤ ਕੌਰ ਸੋਹਲ ਰਹੀ। ਡਾ. ਮਨਮੋਹਨ ਤੇ ਡਾ. ਸਤੀਸ਼ ਵਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।