ਪਠਾਨਕੋਟ – ਆਪੋ ਧਾਪੀ ਦੇ ਇਸ ਯੁੱਗ ਅੰਦਰ ਵੀ ਹਰੇਕ ਔਖੀ ਘੜੀ ‘ਚ ਸਮਾਜ ਦੀ ਬਿਹਤਰੀ ਲਈ ਸਰਕਾਰਾਂ ਤੋਂ ਵੀ ਪਹਿਲਾਂ ਅੱਗੇ ਆ ਕੇ ਨਿਰਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਹੁਣ ਜੇਲ੍ਹ ‘ਚ ਸਜ਼ਾ ਭੁਗਤ ਰਹੀਆਂ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਪਠਾਨਕੋਟ ਸਬ ਜੇਲ੍ਹ ਦੀਆਂ ਬਿਮਾਰ ਕੈਦੀ ਔਰਤਾਂ ਨੂੰ ਵੱਡੀ ਮਾਤਰਾ ‘ਚ ਦਵਾਈ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਠਾਨਕੋਟ ਸਬ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਜੇਲ੍ਹ ਅੰਦਰ ਸਜ਼ਾ ਭੁਗਤ ਰਹੀਆਂ 150 ਦੇ ਕਰੀਬ ਕੈਦੀ ਔਰਤਾਂ ਨੂੰ ਦਵਾਈ ਦੀ ਸਖ਼ਤ ਜ਼ਰੂਰਤ ਹੈ। ਜਿਸ ਨੂੰ ਵੇਖਦਿਆਂ ਹੋਇਆਂ ਸਰਬੱਤ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਉਕਤ ਕੈਦੀ ਔਰਤਾਂ ਲਈ 1 ਲੱਖ 10 ਹਜ਼ਾਰ ਰੁਪਏ ਦੀ ਲੋੜੀਂਦੀ ਦਵਾਈ ਤੋਂ ਇਲਾਵਾ 1 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ,ਫ਼ੇਸ ਸ਼ੀਲਡ ਅਤੇ 1 ਇਨਫਰਾਰੈੱਡ ਥਰਮਾਮੀਟਰ ਵੀ ਜੇਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ,ਪੁਲਿਸ ਕਮਿਸ਼ਨਰ, ਐੱਸ.ਐੱਸ.ਪੀ.ਅਤੇ ਸਿਵਲ ਹਸਪਤਾਲਾਂ ਨੂੰ ਇੱਕ-ਇੱਕ ਅਤੇ ਕਿਤੇ ਲੋੜ ਅਨੁਸਾਰ ਦੋ-ਦੋ ਇਨਫਰਾਰੈੱਡ ਥਰਮਾਮੀਟਰਾਂ ਤੋਂ ਇਲਾਵਾ ਮੁੜ ਇੱਕ ਵਾਰ 100-100 ਬੋਤਲਾਂ ਸੈਨੀਟਾਈਜਰ ਦੀਆਂ ਵੀ ਭੇਜੀਆਂ ਜਾ ਰਹੀਆਂ ਹਨ।
ਡਾ.ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਉਸ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਦੌਰਾਨ ਪਠਾਨਕੋਟ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕੁਰ ਨੇ ਇਸ ਵੱਡੇ ਉਪਰਾਲੇ ਲਈ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।